
ਸੈਟੇਲਾਈਟ ਮਾਨੀਟਰਿੰਗ ਸਿਸਟਮ ਨੇ 2067 ਅੱਗ ਦੀਆਂ ਘਟਨਾਵਾਂ ਦੀਆਂ ਤਸਵੀਰਾਂ ਕੈਪਚਰ ਕੀਤੀਆਂ, ਜੋ ਇਸ ਸੀਜ਼ਨ ਵਿਚ ਸਭ ਤੋਂ ਵੱਧ ਹਨ।
ਚੰਡੀਗੜ੍ਹ: ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲੇ ਘਟਣ ਦੀ ਬਜਾਏ ਵਧ ਰਹੀਆਂ ਹਨ। ਦੀਵਾਲੀ ਤੋਂ ਬਾਅਦ ਇਸ 'ਚ ਚਾਰ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਸਰਕਾਰ ਦੇ ਸੈਟੇਲਾਈਟ ਮਾਨੀਟਰਿੰਗ ਸਿਸਟਮ ਨੇ 2067 ਅੱਗ ਦੀਆਂ ਘਟਨਾਵਾਂ ਦੀਆਂ ਤਸਵੀਰਾਂ ਕੈਪਚਰ ਕੀਤੀਆਂ, ਜੋ ਇਸ ਸੀਜ਼ਨ ਵਿਚ ਸਭ ਤੋਂ ਵੱਧ ਹਨ।
ਸਿਰਫ਼ 24 ਘੰਟਿਆਂ (ਵੀਰਵਾਰ-ਸ਼ੁੱਕਰਵਾਰ) ਵਿਚ 3178 ਕੇਸ ਆਉਣ ਨਾਲ ਸਰਕਾਰ ਦੀ ਚਿੰਤਾ ਵਧ ਗਈ ਹੈ। 22 ਅਕਤੂਬਰ ਨੂੰ ਜਿੱਥੇ ਸੂਬੇ ਵਿਚ ਪਰਾਲੀ ਸਾੜਨ ਦੀਆਂ 282 ਘਟਨਾਵਾਂ ਵਾਪਰੀਆਂ, ਉੱਥੇ ਹੀ 28 ਨੂੰ ਇਹ ਗਿਣਤੀ 2082 ਤੱਕ ਪਹੁੰਚ ਗਈ। ਸੂਬੇ ਵਿਚ ਹਵਾ ਗੁਣਵੱਤਾ ਸੂਚਕ ਅੰਕ ਮਾੜੀ ਸ਼੍ਰੇਣੀ ਵਿਚ ਦਰਜ ਕੀਤਾ ਗਿਆ। ਅੰਮ੍ਰਿਤਸਰ-ਲੁਧਿਆਣਾ ਖਤਰੇ ਦੇ ਨਿਸ਼ਾਨ ਦੇ ਬੇਹੱਦ ਕਰੀਬ ਹਨ।
ਪਟਿਆਲਾ ਦੇ ਡੀਸੀ ਸਾਕਸ਼ੀ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਸੁਪਰ ਐਸਐਮਐਸ ਤੋਂ ਬਿਨ੍ਹਾਂ ਝੋਨੇ ਦੀ ਕਟਾਈ ਕਰਨ ਵਾਲਿਆਂ ਖ਼ਿਲਾਫ਼ ਕੰਬਾਈਨ ਜ਼ਬਤ ਅਤੇ ਜੁਰਮਾਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।