
ਖਹਿਰਾ ਨੇ ਪ੍ਰਤਾਪ ਸਿੰਘ ਬਾਜਵਾ ਦੀ ਮੰਗ ਦੀ ਕੀਤੀ ਹਮਾਇਤ
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਮੈਂਬਰ ਪਾਰਲੀਮੈਂਟ ਦੀ ਮੰਗ ਦੀ ਹਮਾਇਤ ਕੀਤੀ ਕਿ ਮੋਦੀ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਪੰਜਾਬ ਲੈ ਕੇ ਆਵੇ। ਖਹਿਰਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਕੌਮ ਦਾ ਮਾਣ ਹਨ ਅਤੇ ਉਨ੍ਹਾਂ ਨੇ ਆਜ਼ਾਦ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਦੇ 40 ਸਾਲਾਂ ਸ਼ਾਸਨਕਾਲ ਦੀ ਅੱੱਜ ਵੀ ਮਿਸਾਲ ਦਿਤੀ ਜਾਂਦੀ ਹੈ ਜਿਸ ਵਿਚ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਦਿਤੀ ਸੀ। ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ ਅਤੇ 15 ਸਾਲ ਦੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਅਪਣੀ ਮਾਂ ਤੋਂ ਅਲੱਗ ਕਰ ਕੇ ਇੰਗਲੈਂਡ ਭੇਜ ਦਿਤਾ ਅਤੇ ਉਸ ਦਾ ਧਰਮ ਪਰਿਵਰਤਨ ਕਰਵਾ ਕੇ ਈਸਾਈ ਮਤ ਅਨੁਸਾਰ ਪਾਲਣ ਪੋਸ਼ਣ ਕੀਤਾ ਗਿਆ।ਲੰਬੇ ਸਮੇਂ ਬਾਅਦ 1861 ਵਿਚ ਅਪਣੀ ਮਾਂ ਨੂੰ ਮਿਲਣ ਉਪਰੰਤ ਉਸ ਨੂੰ ਭਾਰਤ ਵਿਚਲੇ ਸਿੱਖ ਸਾਮਰਾਜ ਦੇ ਵਡਮੁੱਲੇ ਇਤਿਹਾਸ ਬਾਰੇ ਪਤਾ ਚੱਲਿਆ। ਉਸ ਨੂੰ ਪਤਾ ਚਲਿਆ ਕਿ ਕਿਵੇਂ ਅੰਗਰੇਜ਼ਾਂ ਨੇ ਉਸ ਦੇ ਸ਼ਾਸਨ ਉੱਪਰ ਕਬਜ਼ਾ ਕੀਤਾ ਅਤੇ ਉਸ ਨੇ ਅਪਣੀ ਮਾਂ ਦੀ ਮੌਤ ਉਪਰੰਤ ਅਪਣੇ ਦੇਸ਼ ਜਾਣ ਦੀ ਮੰਗ ਕੀਤੀ ਜਿਸ ਦੇ ਉਪਰੰਤ ਉਸ ਨੂੰ ਅੰਗਰੇਜ਼ਾਂ ਵਲੋਂ ਬਾਗ਼ੀ ਕਰਾਰ ਦਿਤਾ ਗਿਆ।
Sukhpal Khaira
55 ਸਾਲਾਂ ਦੀ ਉਮਰ ਵਿਚ ਪੈਰਿਸ ਵਿਖੇ ਸਵਰਗਵਾਸ ਹੋਣ ਉਪਰੰਤ ਉਸ ਦਾ ਇੰਗਲੈਂਡ ਦੇ ਐਲਵੇਡਿਨ ਇਸਟੇਟ ਵਿਚ ਈਸਾਈ ਰਸਮਾਂ ਅਨੁਸਾਰ ਅੰਤਮ ਸਸਕਾਰ ਕਰ ਦਿਤਾ। ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀਆਂ ਅੰਤਮ ਰਸਮਾਂ ਵਾਸਤੇ ਲਾਸ਼ ਨੂੰ ਭਾਰਤ ਨਹੀਂ ਭੇਜਿਆ ਗਿਆ ਕਿਉਂਕਿ ਅੰਗਰੇਜ਼ਾਂ ਨੂੰ ਡਰ ਸੀ ਕਿ ਜੇਕਰ ਪੰਜਾਬ ਦੇ ਆਖ਼ਰੀ ਰਾਜੇ ਦੀਆਂ ਅੰਤਮ ਰਸਮਾਂ ਭਾਰਤ ਵਿਚ ਕੀਤੀਆਂ ਤਾਂ ਲੋਕਾਂ ਵਿਚ ਬ੍ਰਿਟਿਸ਼ ਸ਼ਾਸਨ ਪ੍ਰਤੀ ਗੁੱਸੇ ਅਤੇ ਰੋਹ ਦੀ ਭਾਵਨਾ ਹੋਰ ਜ਼ਿਆਦਾ ਪ੍ਰਬਲ ਹੋ ਜਾਵੇਗੀ।ਖਹਿਰਾ ਨੇ ਕਿਹਾ ਕਿ ਵਿਸ਼ਵ ਭਰ ਵਿਚ ਵੱਸਦੇ ਪੰਜਾਬੀਆਂ ਅਤੇ ਸਿੱਖਾਂ ਦੀ ਇਹ ਦਿਲੀ ਖਾਹਸ਼ ਹੈ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਵਿਚ ਲਿਆਂਦੀਆਂ ਜਾਣ ਤਾਂ ਜੋ ਉਨ੍ਹਾਂ ਦਾ ਅੰਤਮ ਸਸਕਾਰ ਸਿੱਖ ਰਵਾਇਤਾਂ ਅਨੁਸਾਰ ਹੋ ਸਕੇ। ਖਹਿਰਾ ਨੇ ਕਿਹਾ ਕਿ ਇਹ ਸਿੱਖ ਕੌਮ ਦਾ ਇਕ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮਸਲਾ ਹੈ ਜਿਸ ਬਾਰੇ ਮੋਦੀ ਸਰਕਾਰ ਵਲੋਂ ਬ੍ਰਿਟਿਸ਼ ਸਰਕਾਰ ਨਾਲ ਪਹਿਲ ਦੇ ਅਧਾਰ ਉੱਪਰ ਗੱਲ ਕੀਤੀ ਜਾਣੀ ਚਾਹੀਦੀ ਹੈ।