
ਨਦੀਆਂ ਦੇ ਪ੍ਰਦੂਸ਼ਣ ਦੇ ਮਾਮਲੇ 'ਤੇ ਅਪਣੀ ਸਰਕਾਰ ਵਲੋਂ ਰੱਤੀ ਭਰ ਵੀ ਉਣਤਾਈ ਨਾ ਸਹਿਣ ਕਰਨ ਦੀ ਦ੍ਰਿੜਤਾ ਨੂੰ ਦੋਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ...
ਚੰਡੀਗੜ੍ਹ, ਨਦੀਆਂ ਦੇ ਪ੍ਰਦੂਸ਼ਣ ਦੇ ਮਾਮਲੇ 'ਤੇ ਅਪਣੀ ਸਰਕਾਰ ਵਲੋਂ ਰੱਤੀ ਭਰ ਵੀ ਉਣਤਾਈ ਨਾ ਸਹਿਣ ਕਰਨ ਦੀ ਦ੍ਰਿੜਤਾ ਨੂੰ ਦੋਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਪ੍ਰਦੂਸ਼ਣ ਫੈਲਾਅ ਰਹੇ ਉਦਯੋਗਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ। ਉਨ੍ਹਾਂ ਨੇ ਦਰਿਆਵਾਂ ਵਿੱਚ ਉਦਯੋਗਿਕ ਰਹਿੰਦ-ਖੁੰਹਦ ਦੇ ਵਹਾਅ ਵਿਰੁੱਧ ਕਾਨੂੰਨਾਂ ਅਤੇ ਨਿਯਮਾਂ ਨੂੰ ਸਖਤੀ ਨਾਲ ਅਮਲ ਵਿਚ ਲਿਆਉਣ ਲਈ ਆਖਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਦੀ ਪ੍ਰਦੂਸ਼ਣ ਨਾਲ ਸਿਹਤ ਨੂੰ ਖਰਾਬ ਕਰਨ ਦੀ ਕਿਸੇ ਵੀ ਕੀਮਤ 'ਤੇ ਆਗਿਆ ਨਹੀਂ ਦੇਵੇਗੀ। ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸਬੰਧਤ ਏਜੰਸੀਆਂ/ਵਿਭਾਗਾਂ ਨੂੰ ਇਸ ਸਬੰਧ ਵਿੱਚ ਕਾਨੂੰਨ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ ਵਿਰੁਧ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਵਿਰੋਧੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤੁਰਤ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ।
ਬਿਆਸ ਦਰਿਆ ਵਿੱਚ ਹਾਲ ਹੀ 'ਚ ਸੀਰੇ ਦੇ ਵਹਾਅ ਕਾਰਨ ਪੈਦਾ ਹੋਈ ਸਥਿਤੀ ਬਾਰੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਜ਼ਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦਰਿਆਵਾਂ ਵਿੱਚ ਵਹਾਈ ਜਾ ਰਹੀ ਉਦਯੋਗਿਕ ਰਹਿੰਦ-ਖੁੰਹਦ ਦੀ ਸ਼ਨਾਖਤ ਕਰਨ ਅਤੇ ਅਜਿਹਾ ਕਰਨ ਵਾਲੇ ਹਰੇਕ ਉਦਯੋਗ ਵਿਰੁੱਧ ਤਿੱਖੀ ਕਾਰਵਾਈ ਕਰਨ ਵਾਸਤੇ ਹਦਾਇਤ ਜਾਰੀ ਕੀਤੀ ਹੈ
ਕਿਉਂਕਿ ਪ੍ਰਦੂਸ਼ਣ ਨਾਲ ਲੋਕਾਂ ਦੀ ਸਿਹਤ ਨੂੰ ਗੰਭੀਰ ਖਤਰਾ ਪੈਦਾ ਹੋ ਰਿਹਾ ਹੈ। ਉਨ੍ਹਾਂ ਨੇ ਨਦੀਆਂ ਖਾਸਕਰ ਬੁੱਢਾ ਨਾਲਾ ਲੁਧਿਆਣਾ, ਕਾਲਾਸੰਘਿਆਂ ਡਰੇਨ ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਵਿਚ ਵਹਾਏ ਜਾ ਰਹੀ ਅਣਸੋਧੀ ਰਹਿੰਦ-ਖੁੰਹਦ ਨੂੰ ਸਖ਼ਤੀ ਨਾਲ ਰੋਕਣ ਲਈ ਬੋਰਡ ਨੂੰ ਆਖਿਆ ਹੈ।