ਤਲਵੰਡੀ ਸਾਬੋ ਪਲਾਂਟ (660 ਮੈਗਾਵਾਟ) ਦਾ ਇਕ ਯੂਨਿਟ ਤਕਨੀਕੀ ਨੁਕਸ ਕਾਰਨ ਬੰਦ, ਜਦਕਿ ਰੋਪੜ ਯੂਨਿਟ (210 ਮੈਗਾਵਾਟ) ਕੋਲੇ ਦੀ ਘਾਟ ਕਾਰਨ ਬੰਦ
ਚੰਡੀਗੜ੍ਹ: ਕੋਲੇ ਦੀ ਲੋੜੀਂਦੀ ਸਪਲਾਈ ਨਾ ਮਿਲਣ ਕਾਰਨ ਪੰਜਾਬ ਦੇ ਬਿਜਲੀ ਥਰਮਲ ਪਲਾਂਟਾਂ ਵਿਚ ਕੋਲੇ ਦਾ ਸੰਕਟ ਪੈਦਾ ਹੋ ਗਿਆ ਹੈ। ਸੂਬੇ ਦੇ ਇਕ ਨਿੱਜੀ ਅਤੇ ਦੋ ਸਰਕਾਰੀ ਥਰਮਲ ਪਲਾਂਟਾਂ ਵਿਚ ਕੋਲਾ ਸਿਰਫ਼ 2 ਤੋਂ 3 ਦਿਨਾਂ ਲਈ ਬਚਿਆ ਹੈ। ਇਸ ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟਾਂ ਵਿਚ ਉਹਨਾਂ ਦੀ ਸਮਰੱਥਾ ਅਨੁਸਾਰ ਬਿਜਲੀ ਪੈਦਾ ਨਹੀਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਰਦੀਆਂ ਵਿਚ ਮੁੰਗਫਲੀ ਦੀ ਗੱਚਕ ਖਾਣ ਦੇ ਫ਼ਾਇਦੇ
ਦੂਜੇ ਪਾਸੇ ਸੂਬੇ ਦੇ ਸਭ ਤੋਂ ਵੱਡੇ ਬਿਜਲੀ ਉਤਪਾਦਕ ਤਲਵੰਡੀ ਸਾਬੋ ਪਾਵਰ ਥਰਮਲ ਪਲਾਂਟ (660 ਮੈਗਾਵਾਟ) ਦਾ ਇਕ ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ ਹੈ, ਜਦਕਿ ਰੋਪੜ ਯੂਨਿਟ (210 ਮੈਗਾਵਾਟ) ਕੋਲੇ ਦੀ ਘਾਟ ਕਾਰਨ ਬੰਦ ਪਿਆ ਹੈ। ਜੇਕਰ ਕੋਲੇ ਦੀ ਸਪਲਾਈ ਨਾ ਹੋਈ ਤਾਂ ਥਰਮਲ ਪਲਾਂਟ ਕਿਸੇ ਵੇਲੇ ਵੀ ਠੰਡੇ ਹੋ ਸਕਦੇ ਹਨ। ਦੂਜੇ ਪਾਸੇ ਰਾਹਤ ਦੀ ਗੱਲ ਇਹ ਹੈ ਕਿ ਮੌਸਮ 'ਚ ਬਦਲਾਅ ਤੋਂ ਬਾਅਦ ਬਿਜਲੀ ਦੀ ਮੰਗ 'ਚ ਕੁਝ ਕਮੀ ਆਈ ਹੈ। ਸੋਮਵਾਰ ਨੂੰ ਬਿਜਲੀ ਦੀ ਸਭ ਤੋਂ ਵੱਧ ਮੰਗ 6595 ਮੈਗਾਵਾਟ ਦਰਜ ਕੀਤੀ ਗਈ, ਜਦਕਿ ਸਾਰੇ ਥਰਮਲ ਪਲਾਂਟਾਂ ਅਤੇ ਹੋਰ ਸਰੋਤਾਂ ਤੋਂ 4154 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਬਾਕੀ ਬਿਜਲੀ ਗੈਪ ਓਪਨ ਐਕਸਚੇਂਜ ਤੋਂ ਲੈ ਕੇ ਕੰਮ ਚਲਾਇਆ ਗਿਆ।
ਇਹ ਵੀ ਪੜ੍ਹੋ: ‘ਮੁਗ਼ਲ ਬਾਗ਼’ ਦਾ ਨਾਂ ਬਦਲਣ ਵਰਗੇ ਕਦਮਾਂ ਨਾਲ ਅਸੀਂ ਅੱਗੇ ਨਹੀਂ ਵਧ ਰਹੇ ਹੋਵਾਂਗੇ ਸਗੋਂ ਪਿੱਛੇ ਵਲ ਜਾ ਰਹੇ ਹੋਵਾਂਗੇ
ਸਰਕਾਰੀ ਥਰਮਲ ਪਲਾਂਟਾਂ ਵਿਚ ਸ਼ਾਮਲ ਰੋਪੜ ਥਰਮਲ ਪਲਾਂਟ ਵਿਚ ਕੋਲਾ 2.6 ਦਿਨ ਬਚਿਆ ਹੈ ਪਰ ਉਤਪਾਦਨ ਪੂਰਾ ਨਹੀਂ ਹੋ ਰਿਹਾ। ਇਹ ਪਲਾਂਟ 840 ਮੈਗਾਵਾਟ ਦਾ ਹੈ ਪਰ ਉਤਪਾਦਨ 547 ਮੈਗਾਵਾਟ ਹੋ ਰਿਹਾ ਹੈ। ਜਦਕਿ ਲਹਿਰਾ ਮੁਹੱਬਤ ਦੀ ਸਮਰੱਥਾ 920 ਮੈਗਾਵਾਟ ਹੈ। ਇੱਥੇ ਵੀ 2 ਦਿਨ ਕੋਲਾ ਬਚਿਆ ਹੈ। ਇੱਥੇ ਉਤਪਾਦਨ ਸਿਰਫ 566 ਮੈਗਾਵਾਟ ਹੈ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (31 ਜਨਵਰੀ 2023)
ਪਛਵਾੜਾ ਕੋਲਾ ਖਾਣ ਵਿਚ ਕੋਲੇ ਦੀ ਕਮੀ
ਦੱਸਿਆ ਜਾ ਰਿਹਾ ਹੈ ਕਿ ਪਛਵਾੜਾ ਖਾਣ ਵਿਚ ਕੋਲੇ ਦੀ ਕਮੀ ਕਾਰਨ ਸਿਰਫ਼ ਇਕ ਰੈਕ ਹੀ ਪੰਜਾਬ ਪਹੁੰਚ ਰਿਹਾ ਹੈ। ਝਾਰਖੰਡ ਦੀ ਪਛਵਾੜਾ ਕੋਲਾ ਖਾਣਾਂ ਵਿਚ ਕੋਲੇ ਦੀ ਕਮੀ ਹੈ। ਇਸ ਕਾਰਨ ਮੌਜੂਦਾ ਸਮੇਂ ਵਿਚ ਕੋਲੇ ਦਾ ਇਕ ਹੀ ਰੈਕ ਡਿਲੀਵਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਖਾਣ ਵਿਚੋਂ ਕੋਲੇ ਦੀ ਢੋਆ-ਢੁਆਈ ਨਾ ਹੋਣ ਕਾਰਨ ਵੀ ਦਿੱਕਤ ਆ ਰਹੀ ਹੈ।