
ਖੰਨਾ ’ਚ ਕਿਸਾਨਾਂ ਨੇ ਆਵਾਰਾ ਪਸ਼ੂਆਂ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਦਾ ਪ੍ਰਸ਼ਾਸਨ ਨੂੰ ਅਹਿਸਾਸ ਦਿਵਾਉਣ ਲਈ ਅਪਣਾਇਆ ਇਹ ਤਰੀਕਾ
ਖੰਨਾ: ਪੰਜਾਬ ’ਚ ਅੱਜ ਜਿੱਥੇ ਕਿਸਾਨਾਂ ਵਲੋਂ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਉੱਥੇ ਹੀ ਖੰਨਾ ਦੇ ਕਿਸਾਨਾਂ ਨੇ ਆਵਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਵਿਚ ਅਸਫ਼ਲ ਹੋਏ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਅਹਿਸਾਸ ਕਰਵਾਇਆ। ਦਰਅਸਲ, ਖੰਨਾ ਦੇ ਕਿਸਾਨ ਆਵਾਰਾ ਪਸ਼ੂਆਂ ਨੂੰ ਟਰਾਲੀਆਂ ਵਿਚ ਭਰ-ਭਰ ਜਦੋਂ ਇੱਥੋਂ ਦੇ ਐਸਡੀਐਮ ਦਫ਼ਤਰ ਪੁੱਜੇ ਤਾਂ ਉਸ ਸਮੇਂ ਪ੍ਰਸ਼ਾਸਨ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਕਿਸਾਨਾਂ ਨੇ ਦਫ਼ਤਰ ਦਾ ਮੁੱਖ ਗੇਟ ਘੇਰ ਲਿਆ।
Khana News
ਕਿਸਾਨਾਂ ਨੇ ਦੱਸਿਆ ਕਿ ਸਰਕਾਰ ਗਊ ਸੈੱਸ ਦੇ ਨਾਂਅ ’ਤੇ ਕਰੋੜਾਂ ਰੁਪਏ ਟੈਕਸ ਦੀ ਉਗਰਾਹੀ ਕਰਦੀ ਹੈ ਪਰ ਹਾਲੇ ਵੀ ਇਹ ਆਵਾਰਾ ਪਸ਼ੂ ਫ਼ਸਲਾਂ ਤੇ ਇਨਸਾਨੀ ਜ਼ਿੰਦਗੀ ਲਈ ਖ਼ਤਰਾ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਇੱਥੇ ਹੀ ਆਵਾਰਾ ਪਸ਼ੂ ਲੈ ਕੇ ਆਏ ਸੀ ਪਰ ਨਾਇਬ ਤਹਿਸੀਲਦਾਰ ਨੇ ਇਨ੍ਹਾਂ ਨੂੰ ਗਊਸ਼ਾਲਾ ਵਿਚੋਂ ਛੁਡਵਾ ਦਿਤਾ ਸੀ। ਜਿਸ ਕਰਕੇ ਇਹ ਪਸ਼ੂ ਫਿਰ ਪਿੰਡ ਵਿਚ ਆ ਗਏ।
Animals
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਜ ਉਹ ਇਸ ਮਾਮਲੇ ਦਾ ਹੱਲ ਕਢਵਾ ਕੇ ਹੀ ਰਹਿਣਗੇ, ਭਾਵੇਂ ਉਨ੍ਹਾਂ ਨੂੰ ਅਧਿਕਾਰੀਆਂ ਨੂੰ ਅੰਦਰ ਹੀ ਕਿਉਂ ਨਾ ਬੰਦ ਕਰਨਾ ਪਵੇ। ਉੱਧਰ, ਖੰਨਾ ਦੇ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਦਾ ਕਹਿਣਾ ਹੈ ਕਿ ਇੱਥੇ ਗਊਸ਼ਾਲਾ ਵਿਚ ਕੰਮ ਚੱਲ ਰਿਹਾ ਹੈ। ਜਦੋਂ ਤੱਕ ਗਊਸ਼ਾਲਾ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਜਾਂਦੀ, ਤਦ ਤੱਕ ਇਨ੍ਹਾਂ ਪਸ਼ੂਆਂ ਨੂੰ ਹੋਰ ਗਊਸ਼ਾਲਾਵਾਂ ਵਿਚ ਭੇਜਿਆ ਜਾਵੇਗਾ ਤੇ ਸਖ਼ਤ ਹਦਾਇਤ ਕੀਤੀ ਜਾਵੇਗੀ ਕਿ ਪਸ਼ੂ ਉੱਥੋਂ ਬਾਹਰ ਨਾ ਜਾਣ।
Khana News
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਆਵਾਰਾ ਪਸ਼ੂਆਂ ਦੀ ਇਸ ਸਮੇਂ ਬਹੁਤ ਵੱਡੀ ਸਮੱਸਿਆ ਹੈ। ਆਵਾਰਾ ਪਸ਼ੂਆਂ ਕਰਕੇ ਰੋਜ਼ਾਨਾਂ ਹੀ ਕਈ ਸੜਕ ਦੁਰਘਟਨਾਵਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਤੇ ਕਈਆਂ ਦੀ ਤਾਂ ਜਾਨ ਚਲੀ ਜਾਣ ਦੇ ਵੀ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਆਵਾਰਾ ਪਸ਼ੂ ਕਿਸਾਨਾਂ ਦੀਆਂ ਖੜ੍ਹੀਆਂ ਫ਼ਸਲਾਂ ਦਾ ਵੀ ਨੁਕਸਾਨ ਕਰਦੇ ਹਨ।
Farmer Protest