
ਦੋ ਹਫ਼ਤੇ ਪਹਿਲਾਂ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ, ਪਾਕਿਸਤਾਨ ਦੇ ਇਸਲਾਮਾਬਾਦ 'ਚ ਅਪਣੇ ਦੋਸਤ ਇਮਰਾਨ ਖ਼ਾਨ ਦੇ ਬਤੌਰ ਪ੍ਰਧਾਨ ਮੰਤਰੀ...........
ਚੰਡੀਗੜ੍ਹ : ਦੋ ਹਫ਼ਤੇ ਪਹਿਲਾਂ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ, ਪਾਕਿਸਤਾਨ ਦੇ ਇਸਲਾਮਾਬਾਦ 'ਚ ਅਪਣੇ ਦੋਸਤ ਇਮਰਾਨ ਖ਼ਾਨ ਦੇ ਬਤੌਰ ਪ੍ਰਧਾਨ ਮੰਤਰੀ ਸਹੁੰ ਚੁੱਕ ਸਮਾਗਮ ਮੌਕੇ, ਸ਼ਿਰਕਤ ਕਰਨ ਵੇਲੇ, ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੀ 550ਵੀਂ ਜੈਅੰਤੀ ਲਈ, ਕਰਤਾਰਪੁਰ ਦੇ ਲਾਂਘੇ ਦੀ ਸਕੀਮ ਸਿਰੇ ਚੜ੍ਹਨੀ ਸ਼ੁਰੂ ਹੋ ਗਈ ਹੈ। ਇਸਲਾਮਾਬਾਦ 'ਚ ਭਾਰਤੀ ਦੂਤ ਬੀਤੇ ਕਲ, ਇਸ 3 ਕਿਲੋਮੀਟਰ ਦੇ ਰਸਤੇ ਬਾਰੇ ਸਟੱਡੀ ਕਰ ਕੇ ਗਏ ਹਨ ਅਤੇ ਦੋਵੇਂ ਸਰਕਾਰਾਂ ਨੇ ਇਸ ਬਾਰੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿਤੀ ਹੈ।
ਇਧਰ ਇੰਡਸ-ਕੈਨੇਡਾ ਫ਼ਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰ ਸੋਢੀ ਅਤੇ ਪ੍ਰਧਾਨ ਵਿਕਰਮ ਬਾਜਵਾ ਨੇ ਇਕ ਪ੍ਰੈੱਸ ਕਾਨਫ਼ਰੰਸ 'ਚ ਦਸਿਆ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਵੀ ਕੇਂਦਰ ਤੇ ਪੰਜਾਬ ਸਰਕਾਰ ਨਾਲ ਮਿਲ ਕੇ ਆਉਂਦੀ ਇਸ ਜੈਅੰਤੀ ਮੌਕੇ, 5 ਪ੍ਰਵਾਸੀ ਸੰਮੇਲਨ ਕੀਤੇ ਜਾਣਗੇ ਜਿਨ੍ਹਾਂ 'ਚ 2000 ਤੋਂ ਵੱਧ ਪ੍ਰਵਾਸੀ ਪੰਜਾਬੀ ਅਤੇ ਪ੍ਰਵਾਸੀ ਭਾਰਤੀ ਸ਼ਾਮਲ ਹੋਣਗੇ। ਇਹ ਵੱਡੇ ਪ੍ਰਵਾਸੀ ਸੰਮੇਲਨ 15 ਦਸੰਬਰ ਨੂੰ ਚੰਡੀਗੜ੍ਹ, 16 ਨੂੰ ਸ਼ਾਹਬਾਦ (ਹਰਿਆਣਾ), 17 ਨੂੰ ਲੁਧਿਆਣਾ, 18 ਦਸੰਬਰ ਨੂੰ ਜਲੰਧਰ 'ਚ ਅਤੇ ਆਖਰੀ 5ਵਾਂ ਸੰਮੇਲਨ ਅੰਮ੍ਰਿਤਸਰ 'ਚ ਆਯੋਜਿਤ ਕੀਤਾ ਜਾਵੇਗਾ।
ਸ਼ਾਹਬਾਦ ਵਾਲੇ ਸੰਮੇਲਨ 'ਚ ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਪੰਜਾਬ 'ਚ ਕਿਸੇ ਇਕ ਸੰਮੇਲਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਪੱਤਰ ਦੇ ਰਹੇ ਹਨ। ਵਿਕਰਮ ਬਾਜਵਾ ਨੇ ਦਸਿਆ ਕਿ ਇੰਡਸ-ਕੈਨੇਡਾ ਫ਼ਾਊਂਡੇਸ਼ਨ ਦਾ ਇਕ ਵਫ਼ਦ ਅੱਜ ਮੰਤਰੀ ਨਵਜੋਤ ਸਿੱਧੂ ਨਾਲ, ਇਨ੍ਹਾਂ ਪ੍ਰਵਾਸੀ ਸੰਮੇਲਨਾ ਬਾਰੇ ਚਰਚਾ ਅਤੇ ਵਿਚਾਰ ਵਟਾਂਦਰਾ ਵੀ ਕਰਕੇ ਆਇਆ ਹੈ, ਚੰਡੀਗੜ੍ਹ ਦੇ ਪ੍ਰਵਾਸੀ ਭਾਰਤੀ ਸੰਮੇਲਨ ਵਾਸਤੇ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਗੁਰਿੰਦਰ ਸੋਢੀ ਤੇ ਵਿਕਰਮ ਬਾਜਵਾ ਦਾ ਕਹਿਣਾ ਸੀ ਕਿ ਕੈਨੇਡਾ, ਅਮਰੀਕਾ, ਇੰਗਲੈਂਡ, ਅਸਟ੍ਰੇਲੀਆ, ਨਿਊਜੀਲੈਂਡ ਇਟਲੀ ਤੇ ਹੋਰ ਯੂਰਪ ਦੇ ਦੋਸ਼ਾਂ 'ਚ ਵਸਦੇ 20 ਲੱਖ ਤੋਂ ਵੱਧ ਪ੍ਰਵਾਸੀ ਪੰਜਾਬੀਆਂ ਤੇ ਭਾਰਤੀਆਂ ਦੀਆਂ ਸਮਾਜਿਕ, ਪਰਿਵਾਰਕ, ਜਾਇਦਾਦਾਂ ਸਬੰਧੀ ਮੁਸ਼ਕਲਾਂ 'ਤੇ ਵਿਚਾਰ ਕੀਤਾ ਜਾਵੇਗਾ। ਸੰਮੇਲਨ ਦੇ ਆਖਰੀ ਦਿਨ ਅੰਮ੍ਰਿਤਸਰ 'ਚ ਦੋਵਾਂ ਦੇਸ਼ਾਂ ਵਿਚਕਾਰ ਹਾਕੀ ਦਾ ਮੈਚ ਵੀ ਹੋਵੇਗਾ ਜਿਸ 'ਚ ਇਧਰਲੇ ਪੰਜਾਬ ਅਤੇ ਉਸ ਪਾਸੇ ਦੇ ਪੰਜਾਬ ਦੀਆਂ ਦੋਵੇਂ ਟੀਮਾਂ ਭਾਗ ਲੈਣਗੀਆਂ।