
ਚੰਡੀਗੜ੍ਹ,
29 ਸਤੰਬਰ (ਨੀਲ ਭਲਿੰਦਰ ਸਿੰਘ): ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਹਿਤ ਆਮਦਨ ਕਰ
ਵਿਭਾਗ ਅਤੇ ਇਨਫ਼ੋਰਸਮੈਂਟ ਡਾਇਰਕਟੋਰੇਟ (ਈਡੀ) ਨੇ ਸੌਦਾ ਸਾਧ ਦੇ ਡੇਰੇ ਵਿਰੁਧ ਜਾਂਚ
ਸ਼ੁਰੂ ਕਰ ਦਿਤੀ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਰੀ ਮੁਤਾਬਕ ਮੁਢਲੇ ਪੜਾਅ ਵਿਚ
ਡੇਰੇ ਦੇ ਬੈਂਕ ਖਾਤਿਆਂ, ਕਾਰੋਬਾਰੀ ਲੈਣ-ਦੇਣ, ਫ਼ਿਲਮਾਂ ਚ ਨਿਵੇਸ਼ ਅਤੇ ਬਚਤ ਆਦਿ ਦੇ
ਮੁੱਦੇ ਉਤੇ ਡੇਰੇ ਦੇ ਚਾਰਟਡ ਆਕਊਂਟੈਂਟ, ਆਡਿਟਰਾਂ ਅਤੇ ਹੋਰਨਾਂ ਵਿੱਤੀ ਅਧਿਕਾਰੀਆਂ
ਕੋਲੋਂ ਜਲਦ ਹੀ ਪੁਛਗਿਛ ਕੀਤੀ ਜਾਣੀ ਹੈ। ਦਸਣਯੋਗ ਹੈ ਕਿ ਸੌਦਾ ਸਾਧ ਉਤੇ ਫ਼ਿਲਮਾਂ ਅਤੇ
ਅਜਿਹੇ ਕਈ ਹੋਰ ਢੰਗਾਂ ਨਾਲ ਆਮਦਨ ਕਰ ਦੀ ਚੋਰੀ ਅਤੇ ਮਨੀ ਲਾਂਡਰਿੰਗ (ਕਾਲੇ ਧਨ ਨੂੰ
ਸਫ਼ੈਦ ਕਰਨਾ) ਵੀ ਕਰਦਾ ਰਿਹਾ ਹੋਣ ਦੇ ਦੋਸ਼ ਹਨ।
ਹਾਈ ਕੋਰਟ ਨੇ ਆਮਦਨ ਕਰ ਵਿਭਾਗ ਅਤੇ
ਈਡੀ (ਇੰਫ਼ੋਰਸਮੈਂਟ ਡਾਇਰੈਕਟੋਰੇਟ) ਨੂੰ ਵੀ ਨਿਰਦੇਸ਼ ਦਿਤੇ ਹਨ ਕਿ ਉਹ ਡੇਰੇ ਦੀ ਕਮਾਈ
ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕੀਤੀ ਜਾਵੇ। ਨਾਲ ਹੀ ਇਹ ਵੀ ਚਰਚਾ ਹੈ ਕਿ
ਡੇਰੇ ਦੇ ਕਈ ਕਾਰੋਬਾਰਾਂ ਖ਼ਾਸਕਰ ਫ਼ਿਲਮਾਂ ਵਿਚ ਕਈ ਰਾਜਸੀ ਆਗੂ ਵੀ ਅੰਦਰ ਖਾਤੇ ਪੈਸਾ
ਲਾਉਂਦੇ ਰਹੇ ਹਨ। ਇਹ ਵੀ ਚਰਚਾ ਹੈ ਨੋਟਬੰਦੀ ਮਗਰੋਂ ਡੇਰੇ ਰਾਹੀਂ ਕਾਫ਼ੀ ਕਾਲਾ ਧਨ ਖਪਤ
ਕੀਤਾ ਗਿਆ ਸੀ। ਹੁਣ ਸੱਭ ਦੀ ਜਾਂਚ ਹੋਵੇਗੀ।