
ਡਿਸਕਸ ਥੋ੍ਰਅ ਦੇ ਫ਼ਾਈਨਲ 'ਚ ਪਹੁੰਚ ਕੇ ਰਚਿਆ ਇਤਿਹਾਸ
ਇਤਿਹਾਸਕ ਤਮਗ਼ਾ ਦਿਵਾਉਣ ਤੋਂ ਕੁੱਝ ਕਦਮ ਦੂਰ ਹੈ ਕਿਸਾਨ ਦੀ ਧੀ
ਨਵੀਂ ਦਿੱਲੀ, 31 ਜੁਲਾਈ : ਕੋਵਿਡ-19 ਤਾਲਾਬੰਦੀ ਨੇ ਡਿਸਕਸ ਥ੍ਰੋਅ ਐਥਲੀਟ ਕਮਲਪ੍ਰੀਤ ਕੌਰ ਦੇ ਮਾਨਸਿਕ ਸਿਹਤ 'ਤੇ ਇੰਨਾ ਅਸਰ ਪਾਇਆ ਸੀ ਕਿ ਉਨ੍ਹਾਂ ਨੇ ਮਨੋਵਿਗਿਆਨਕ ਦਬਾਅ ਨਾਲ ਨਜਿੱਠਣ ਲਈ ਕਿ੍ਕਟ ਖੇਡਣਾ ਸ਼ੁਰੂ ਕਰ ਦਿਤਾ ਸੀ ਪਰ ਚੱਕਾ (ਡਿਸਕਸ ਥ੍ਰੋਅ) ਹਮੇਸ਼ਾ ਉਨ੍ਹਾਂ ਦਾ ਪਹਿਲਾਂ ਪਿਆਰ ਬਣਿਆ ਰਿਹਾ ਅਤੇ ਹੁਣ ਉਹ ਭਾਰਤ ਨੂੰ ਉਲੰਪਿਕ ਖੇਡਾਂ ਵਿਚ ਇਤਿਹਾਸਕ ਐਥਲੈਟਿਕਸ ਤਮਗ਼ਾ ਦਿਵਾਉਣ ਤੋਂ ਕੁੱਝ ਕਦਮ ਦੂਰ ਖੜੀ ਹੈ | ਉਨ੍ਹਾਂ ਸਨਿਚਰਵਾਰ ਨੂੰ 64 ਮੀਟਰ ਦੂਰ ਚੱਕਾ ਸੁੱਟ ਕੇ 2 ਅਗੱਸਤ ਨੂੰ ਹੋਣ ਵਾਲੇ ਫ਼ਾਈਨਲ ਲਈ ਕੁਆਲੀਫ਼ਾਈ ਕੀਤਾ |
ਕਮਲਪ੍ਰੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਨੇ ਕਿਹਾ, ''ਮੈਂ ਅੱਜ ਉਸ ਨਾਲ ਗੱਲ ਕੀਤੀ ਅਤੇ ਉਹ ਬਹੁਤ ਖ਼ੁਸ਼ ਸੀ | ਉਸ ਨੇ ਮੈਨੂੰ ਕਿਹਾ ਕਿ ਉਹ ਫ਼ਾਈਨਲ 'ਚ ਅਪਣਾ ਸੱਭ ਤੋਂ ਚੰਗਾ ਪ੍ਰਦਰਸ਼ਨ ਕਰੇਗੀ |'' ਇਸ ਦੇ ਨਾਲ ਹੀ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਫ਼ਾਈਨਲ 'ਚ ਪਹੁੰਚਣ ਲਈ ਕਮਲਪ੍ਰੀਤ ਕੌਰ ਨੂੰ ਵਧਾਈ ਦਿਤੀ |
ਪੰਜਾਬ ਵਿਚ ਕਾਬਰਵਾਲਾ ਪਿੰਡ ਦੀ ਕੌਰ ਦਾ ਜਨਮ 4 ਮਾਰਚ 1996 ਨੂੰ ਕਿਸਾਨ ਪ੍ਰਵਾਰ ਵਿਚ ਹੋਇਆ | ਪਿਛਲੇ ਸਾਲ ਦੇ ਅੰਤ ਵਿਚ ਉਹ ਕਾਫ਼ੀ ਨਿਰਾਸ਼ ਸੀ, ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਉਨ੍ਹਾਂ ਨੂੰ ਕਿਸੇ ਟੂਰਨਾਮੈਂਟ ਵਿਚ ਖੇਡਣ ਨੂੰ ਨਹੀਂ ਮਿਲ ਰਿਹਾ ਸੀ | ਉਹ ਡਿਪਰੈਸ਼ਨ ਮਹਿਸੂਸ
ਕਰ ਰਹੀ ਸੀ, ਜਿਸ ਨਾਲ ਉਨ੍ਹਾਂ ਨੇ ਅਪਣੇ ਪਿੰਡ ਵਿਚ ਕਿ੍ਕਟ ਖੇਡਣਾ ਸ਼ੁਰੂ ਕਰ ਦਿਤਾ ਸੀ | ਪਰਵਾਰ ਦੀਆਂ ਆਰਥਕ ਸਮੱਸਿਆਵਾਂ ਅਤੇ ਅਪਣੀ ਮਾਂ ਦੇ ਵਿਰੋਧ ਕਾਰਨ ਉਹ ਸ਼ੁਰੂ ਵਿਚ ਐਥਲੈਟਿਕਸ ਵਿਚ ਨਹੀਂ ਆਉਣਾ ਚਾਹੀਦੀ ਸੀ ਪਰ ਅਪਣੇ ਕਿਸਾਨ ਪਿਤਾ ਕੁਲਦੀਪ ਸਿੰਘ ਦੇ ਸਹਿਯੋਗ ਨਾਲ ਉਨ੍ਹਾਂ ਨੇ ਇਸ ਵਿਚ ਖੇਡਣਾ ਸ਼ੁਰੂ ਕੀਤਾ | ਸ਼ੁਰੂ ਵਿਚ ਉਨ੍ਹਾਂ ਨੇ ਸ਼ਾਟ ਪੁੱਟ ਖੇਡਣਾ ਸ਼ੁਰੂ ਕੀਤਾ ਪਰ ਬਾਅਦ ਵਿਚ ਬਾਦਲ ਵਿਚ ਸਾਈ ਕੇਂਦਰ ਨਾਲ ਜੁੜਨ ਦੇ ਬਾਅਦ ਚੱਕਾ ਸੁੱਟਣਾ ਸ਼ੁਰੂ ਕੀਤਾ |