
ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ
ਬਰੈਂਪਟਨ (ਕੈਨੇਡਾ)— ਪੰਜਾਬੀਆਂ ਨੇ ਦੁਨੀਆਂ ਦੇ ਹਰ ਕੋਨੇ ਵਿਚ ਅਪਣਾ ਅਤੇ ਪੰਜਾਬ ਦਾ ਨਾਮ ਚਮਕਾਇਆ ਹੈ ਅਤੇ ਇੱਕ ਵਾਰ ਫਿਰ ਪੰਜਾਬੀਆਂ ਨੇ ਕੈਨੇਡਾ ਦੇ ਧਰਤੀ 'ਤੇ ਅਪਣੀ ਕਲਾ ਦੇ ਜ਼ਰੀਏ ਅਪਣਾ ਅਤੇ ਪੂਰੇ ਪੰਜਾਬ ਦਾ ਨਾਮ ਉਚਾ ਕੀਤਾ ਹੈ | ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ। ਅਪ੍ਰੈਲ ਦੇ ਪੂਰੇ ਮਹੀਨਾ ਦੌਰਾਨ ਸਿੱਖ ਵਿਰਸੇ ਨਾਲ ਸੰਬੰਧਤ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹਨ। ਸਿੱਖ ਸੰਗੀਤ, ਸਿੱਖ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਤਸਵੀਰਾਂ ਵਿਖਾ ਕੇ ਸਿੱਖ ਵਿਰਸੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮਹੀਨੇ ਦੇ ਆਖਰੀ ਹਫ਼ਤੇ ਸ਼ਹਿਰ ਦੇ ਤਿੰਨ ਵਿਅਕਤੀਆਂ ਨੂੰ ਜੋ ਸੰਗੀਤ, ਜਨ-ਸੇਵਾ ਜਾਂ ਕੋਈ ਹੋਰ ਲੋਕ ਭਲਾਈ ਦਾ ਕੰਮ ਕਰਦੇ ਹਨ, ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਰ੍ਹੇ 26 ਅਪ੍ਰੈਲ ਨੂੰ ਆਪਣੇ ਸਿੱਖੀ ਸਰੂਪ ਵਿਚ ਸਮੁੱਚੇ ਸੰਸਾਰ ਵਿਚ ਰੈਪ ਮਿਊਜ਼ਿਕ ਕਰਕੇ ਪ੍ਰਸਿੱਧ ਹੋਏ ਫ਼ਤਿਹਜੀਤ ਸਿੰਘ ਉਰਫ਼ ਫਤਿਹ ਡੋਅ, ਮਨਜੀਤ ਸਿੰਘ ਬਸਰਾ ਅਤੇ ਪਲਵਿੰਦਰ ਕੌਰ ਨੂੰ ਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਬਰੈਂਪਟਨ ਦੇ ਸਿਟੀ ਹਾਲ ਵਿਚ ਕੀਤਾ ਗਿਆ, ਜਿਸ ਵਿਚ ਐੱਨ. ਡੀ. ਪੀ. ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਕੁੰਜੀਵਤ ਭਾਸ਼ਣ ਦਿੱਤਾ। ਫਤਿਹ ਸਿੰਘ ਨੇ ਆਪਣੀ ਦਾੜ੍ਹੀ ਅਤੇ ਦੁਮਾਲੇ ਨਾਲ ਕੇਵਲ ਪੰਜਾਬੀਆਂ ਵਿਚ ਹੀ ਨਹੀਂ ਸਗੋਂ ਦੂਜੀਆਂ ਕਮਿਊਨਿਟੀਆਂ ਵਿਚ ਵੀ ਸਿੱਖਾਂ ਦੀ ਪਛਾਣ ਬਣਾਈ ਹੈ।