
ਕੀ ਹੈ ਪੂਰਾ ਮਾਮਲਾ, ਜਾਣਨ ਲਈ ਪੜੋ
ਨਵੀਂ ਦਿੱਲੀ: ਹਾਈ ਕੋਰਟ ਦੇ ਅਪੀਲਜ਼ ਕੋਰਟ ਦੇ ਇੱਕ ਜੱਜ ਨੇ ਵਿਵਾਦਗ੍ਰਸਤ ਕਾਰੋਬਾਰੀ ਵਿਜੇ ਮਾਲਿਆ ਦੀ ਉਹ ਅਰਜ਼ੀ ਰੱਦ ਕਰ ਦਿੱਤੀ ਹੈ ਜਿਸ ਵਿਚ ਦੇਸ਼ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਦੇ ਬੀਤੀ 4 ਫ਼ਰਵਰੀ ਦੇ ਹੁਕਮ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਮੰਗੀ ਗਈ ਸੀ। ਸ੍ਰੀ ਸਾਜਿਦ ਨੇ ਤਦ ਭਾਰਤੀ ਮੂਲ ਦੇ ਇਸ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦਾ ਹੁਕਮ ਜਾਰੀ ਕੀਤਾ ਸੀ ਪਰ ਅੱਜ ਉਸ ਦੀ ਅਪੀਲ ਖ਼ਾਰਜ ਹੋ ਗਈ ਹੈ।
Vijay Mallya
ਵਿਜੇ ਮਾਲਿਆ ਨੇ ਬੀਤੀ 14 ਫ਼ਰਵਰੀ ਨੂੰ ਅਦਾਲਤ ਤੇ ਗ੍ਰਹਿ ਮੰਤਰਾਲੇ ਤੱਕ ਪਹੁੰਚ ਕਰ ਕੇ ਆਪਣੀ ਅਰਜ਼ੀ ਦਾਖ਼ਲ ਕੀਤੀ ਸੀ। ਅਦਾਲਤ ਨੇ ਉਸ ਨੂੰ ਪਹਿਲਾਂ ਅਜਿਹੀ ਕੋਈ ਅਪੀਲ ਦਾਖ਼ਲ ਕਰਨ ਲਈ 20 ਦਿਨਾਂ ਦਾ ਸਮਾਂ ਦਿੱਤਾ ਸੀ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜੱਜ ਨੂੰ ਮਾਲਿਆ ਦੀ ਅਰਜ਼ੀ ਵਿਚ ਕੋਈ ਖ਼ਾਸ ਗੱਲ ਵਿਖਾਈ ਨਹੀਂ ਦਿੱਤੀ ਤੇ ਹੁਣ ਇਹ ਕੇਸ ਵਾਪਸ ਗ੍ਰਹਿ ਮੰਤਰਾਲੇ ਕੋਲ ਹੀ ਜਾ ਸਕਦਾ ਹੈ।
ਹੁਣ ਵਿਜੇ ਮਾਲਿਆ ਭਾਰਤ ਨੂੰ ਆਪਣੀ ਹਵਾਲਗੀ ਰੋਗਣ ਲਈ ਸਿਰਫ਼ ਗ੍ਰਹਿ ਮੰਤਰੀ ਕੋਲ ਹੀ ਆਪਣੀ ਅਰਜ਼ੀ ਦਾਖ਼ਲ ਕਰ ਸਕਦਾ ਹੈ। ਇਸ ਲਈ ਉਹ ਮਨੁੱਖੀ ਅਧਿਕਾਰਾਂ ਦੀ ਹੀ ਦਲੀਲ ਦੇ ਸਕਦਾ ਹੈ। ਇਸ ਤੋਂ ਪਹਿਲਾਂ ਉਹ ਵੈਸਟਮਿੰਸਟਰ ਮੈਜਿਸਟ੍ਰੇਟਸ ਦੀ ਅਦਾਲਤ ਵਿਚ ਵੀ ਇਹ ਕੇਸ ਹਾਰ ਚੁੱਕਾ ਹੈ ਤੇ ਉਸ ਅਦਾਲਤ ਨੇ ਵੀ ਦਸੰਬਰ 2018 ਦੌਰਾਨ ਫ਼ੈਸਲਾ ਸੁਣਾਇਆ ਸੀ ਕਿ ਉਸ ਨੂੰ ਭਾਰਤ ਹਵਾਲੇ ਕਰ ਦੇਣਾ ਚਾਹੀਦਾ ਹੈ।