ਪ੍ਰਸ਼ਾਂਤ ਸ਼੍ਰੀਕੁਮਾਰ ਹਸਪਤਾਲ 'ਚ 8 ਘੰਟੇ ਇਲਾਜ ਲਈ ਕਰਦਾ ਰਿਹਾ ਇੰਤਜ਼ਾਰ
ਟੋਰਾਂਟੋ : ਕੈਨੇਡਾ ਦੇ ਇਕ ਹਸਪਤਾਲ ’ਚ ਸ਼ੱਕੀ ਦਿਲ ਦਾ ਦੌਰਾ ਪੈਣ ਕਾਰਨ 8 ਘੰਟਿਆਂ ਲਈ ਇਲਾਜ ਦੀ ਉਡੀਕ ਕਰਦੇ ਹੋਏ ਮਾਰੇ ਗਏ 44 ਸਾਲ ਦੇ ਭਾਰਤੀ ਮੂਲ ਦੇ ਵਿਅਕਤੀ ਦੀ ਪਤਨੀ ਚਾਹੁੰਦੀ ਹੈ ਕਿ ਉਸ ਦੇ ਪਤੀ ਦੀ ਮੌਤ ਲਈ ਹਸਪਤਾਲ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ।
ਕੈਨੇਡਾ ਵਿਚ ਭਾਰਤੀ ਭਾਈਚਾਰੇ ਦੇ ਇਕ ਲੀਡਰ ਨੇ ਕੈਨੇਡਾ ਵਿਚ ਹਸਪਤਾਲ ਦੇ ਬਿਸਤਰਿਆਂ ਦੀ ਘਾਟ ਵਲ ਧਿਆਨ ਦਿਵਾਇਆ, ਜਿਸ ਦੇ ਨਤੀਜੇ ਵਜੋਂ ਉੱਤਰ-ਪਛਮੀ ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਦੇ ਗ੍ਰੇ ਨਨਜ਼ ਹਸਪਤਾਲ ਵਿਚ ਪ੍ਰਸ਼ਾਂਤ ਸ਼੍ਰੀਕੁਮਾਰ ਦੀ ਮੌਤ ਹੋ ਗਈ।
ਅਕਾਊਂਟੈਂਟ ਪ੍ਰਸ਼ਾਂਤ ਨੂੰ 22 ਦਸੰਬਰ ਨੂੰ ਕੰਮ ਦੌਰਾਨ ਛਾਤੀ ’ਚ ਗੰਭੀਰ ਦਰਦ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ। ਹਸਪਤਾਲ ਵਿਖੇ, ਉਸ ਨੂੰ ਅੱਠ ਘੰਟਿਆਂ ਤਕ ਉਡੀਕ ਕਮਰੇ ਵਿਚ ਬਿਠਾਇਆ ਗਿਆ। ਨਿਹਾਰਿਕਾ ਨੇ ਦੇਰ ਰਾਤ ਪੋਸਟਮੀਡੀਆ ਨੂੰ ਦਿਤੇ ਇੰਟਰਵਿਊ ਵਿਚ ਕਿਹਾ, ‘‘ਮੈਂ ਪ੍ਰਸ਼ਾਂਤ ਲਈ ਇਨਸਾਫ ਚਾਹੁੰਦੀ ਹਾਂ। ਅਸੀਂ ਸਾਰੇ ਕੈਨੇਡੀਅਨ ਨਾਗਰਿਕ ਹਾਂ।
ਅਸੀਂ ਇਸ ਦੇਸ਼ ਵਿਚ ਏਨਾ ਕੰਮ ਕੀਤਾ ਅਤੇ ਅਤੇ ਟੈਕਸ ਭਰਿਆ ਹੈ। ਪਰ ਇਕ ਵਾਰ ਜਦੋਂ ਪ੍ਰਸ਼ਾਂਤ ਨੂੰ ਡਾਕਟਰੀ ਸਹਾਇਤਾ ਦੀ ਜ਼ਰੂਰਤ ਸੀ, ਤਾਂ ਉਨ੍ਹਾਂ ਨੂੰ ਇਹ ਨਹੀਂ ਦਿਤੀ ਗਈ।’’ ਕੈਲਗਰੀ ਸਨ ਨੇ ਕਿਹਾ ਕਿ ਪ੍ਰਸ਼ਾਂਤ ਦੇ ਅਚਾਨਕ ਦਿਹਾਂਤ ਤੋਂ ਨਿਹਾਰਿਕਾ ਦੁਖੀ ਹੈ, ਇਸ ਦੇ ਨਾਲ ਹੀ, ਉਹ ਨਹੀਂ ਜਾਣਦੀ ਕਿ ਉਹ ਅਪਣੇ ਤਿੰਨ ਬੱਚਿਆਂ, ਜਿਨ੍ਹਾਂ ਦੀ ਉਮਰ ਤਿੰਨ, 10 ਅਤੇ 14 ਸਾਲ ਹੈ, ਨੂੰ ਕਿਵੇਂ ਪਾਲੇਗੀ। ਪ੍ਰਸ਼ਾਂਤ ਵਾਂਗ ਨਿਹਾਰਿਕਾ ਵੀ ਅਕਾਉਂਟੈਂਟ ਹੈ। (ਪੀਟੀਆਈ)
