
ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਦੀ ਦੌੜ 'ਚੋਂ ਹੋ ਚੁੱਕੀਆਂ ਹਨ ਬਾਹਰ
ਲੀਡਜ਼: ਸੈਮੀਫ਼ਾਨਲ ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਦੋਹਾਂ ਟੀਮਾਂ ਅੱਜ ਜਦੋਂ ਇਥੇ ਮੈਦਾਨ 'ਤੇ ਉਤਰਨਗੀਆਂ ਤਾਂ ਅਫ਼ਗ਼ਾਨਿਸਤਾਨ ਦੀਆਂ ਨਜ਼ਰਾਂ ਵਿਸ਼ਵ ਕੱਪ ਵਿਚ ਪਹਿਲੀ ਜਿੱਤ ਹਾਸਲ ਕਰਨ 'ਤੇ ਲੱਗੀਆਂ ਹੋਣਗੀਆਂ ਜਦੋਂਕਿ ਵੈਸਟਇੰਡੀਜ਼ ਦੀ ਟੀਮ ਅਪਣੇ ਮਾਣ ਲਈ ਖੇਡੇਗੀ। ਅਫ਼ਗ਼ਾਨਿਸਤਾਨ ਨੇ ਵੈਸਇੰਡੀਜ਼ ਦੀ ਸਿਤਾਰਿਆਂ ਨਾਲ ਸਜੀ ਟੀਮ ਨੂੰ ਪਿਛਲੇ ਸਾਲ ਹਰਾਰੇ ਵਿਚ ਹੋਏ ਵਿਸ਼ਵ ਕੱਪ ਕਵਾਲੀਫ਼ਾਇਰ ਵਿਚ ਦੋ ਵਾਰ ਹਰਾਇਆ ਸੀ ਜਿਸ ਵਿਚ ਕ੍ਰਿਸ ਗੇਲ, ਕਾਰਲੋਸ ਬਰੈਥਵੇਟ ਅਤੇ ਸ਼ਾਈ ਹੋਪ ਸ਼ਾਮਲ ਸਨ। ਹੁਣ ਵਿਸ਼ਵ ਕੱਪ ਵਿਚ ਕੁਝ ਵੱਡੀਆਂ ਟੀਮਾਂ ਵਿਰੁਧ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਫ਼ਗ਼ਾਨਿਸਤਾਨ ਨੇ ਕਈ ਵਾਰ ਸਾਬਤ ਕੀਤਾ ਕਿ ਉਸ ਨੂੰ ਹੁਣ ਕਮਜ਼ੋਰ ਟੀਮ ਨਾ ਕਿਹਾ ਜਾਵੇ।
Afghanistan and West Indies
ਉਸ ਨੇ ਟੂਰਨਾਮੈਂਟ ਵਿਚ ਭਾਰਤ, ਪਾਕਿਸਤਾਨ ਤੇ ਸ੍ਰੀਲੰਕਾ ਵਰਗੀਆਂ ਮਜ਼ਬੂਤ ਟੀਮਾਂ ਨੂੰ ਵੱਡੀ ਟੱਕਰ ਦਿਤੀ। ਇਹ ਸਾਰੀਆਂ ਟੀਮਾਂ ਅਫ਼ਗ਼ਾਨਿਸਤਾਨ ਦੇ ਹਮਲਾਵਰ ਗੇਂਦਬਾਜ਼ੀ ਵਿਰੁਧ ਜੁਝਦੀਆਂ ਨਜ਼ਰ ਆਈਆਂ ਜਿਸ ਵਿਚ ਮੋਹੰਮਦ ਨਬੀ, ਮੁਜੀਬ ਉਰ ਰਹਿਮਾਨ ਅਤੇ ਰਾਸ਼ਿਦ ਖ਼ਾਨ ਸ਼ਾਮਲ ਹਨ। ਵੈਸਟਇੰਡੀਜ਼ ਲਈ ਇਹ ਟੂਰਨਾਮੈਂਟ ਵਿਚ ਤੀਸਰੀ ਵਾਰ ਹੋਇਆ ਜਦੋਂ ਉਹ ਜਿੱਤ ਦੇ ਕਰੀਬ ਪਹੁੰਚ ਕੇ ਹਾਰ ਗਈ। ਸੋਮਵਾਰ ਨੂੰ ਸ੍ਰੀਲੰਕਾ ਵਿਰੁਧ ਮੈਚ ਤੋਂ ਪਹਿਲਾਂ ਉਹ ਮੌਜੂਦਾ ਚੈਂਪੀਅਨ ਆਸਟਰੇਲੀਆ ਨੂੰ ਹਰਾਉਣ ਦਾ ਮੌਕਾ ਗਵਾ ਬੈਠੀ ਅਤੇ ਨਿਊਜ਼ੀਲੈਂਡ ਵਿਰੁਧ ਕਾਰਲੋਸ ਬਰੈਥਵੇਟ ਮੈਚ ਜੇਤੂ ਛੱਕਾ ਲਗਾਉਣ ਤੋਂ ਖੁੰਝ ਗਏ।
Afghanistan and West Indies
ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਸ੍ਰੀਲੰਕਾ ਤੋਂ ਹਾਰਨ ਤੋਂ ਬਾਅਦ ਕਿਹਾ, ''ਇਹ ਦੇਖਣਾ ਨਿਰਾਸ਼ਾਜਨਕ ਹੈ ਕਿ ਕਈ ਮੈਚਾਂ ਵਿਚ ਜਿੱਤ ਦੇ ਕਰੀਬ ਪਹੁੰਚ ਕੇ ਜਿੱਤ ਨਹੀਂ ਸਕੇ।'' ਦੋਵੇਂ ਟੀਮਾਂ ਸੈਮੀਫ਼ਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਹਨ ਅਤੇ ਅਫ਼ਗ਼ਾਨਿਸਤਾਨ ਉਸ ਤੋਂ ਇਕ ਸਥਾਨ ਉਪਰ ਹੈ। ਪਹਿਲੇ ਦੋ ਵਿਸ਼ਵ ਕੱਪ 1975 ਅਤੇ 1979 ਵਿਚ ਜਿੱਤਣ ਵਾਲੀ ਵੈਸਟਇੰਡੀਜ਼ ਨੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ ਨੂੰ ਹਰਾ ਕੇ ਸ਼ੁਰੂਆਤ ਕੀਤੀ ਸੀ ਪਰ ਉਸ ਨੂੰ ਲਗਾਤਾਰ ਸੱਤ ਮੈਚਾਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ। ਆਖ਼ਰੀ ਮੈਚ ਵਿਚ ਜਿੱਤ ਵੱਡੇ ਟੂਰਨਾਮੈਂਟ ਤੋਂ ਬਾਹਰ ਜਾਣ ਤੋਂ ਪਹਿਲਾਂ ਚੰਗੀ ਹੋਵੇਗੀ। ਅਫ਼ਗ਼ਾਨਿਸਤਾਨ ਦੇ ਕਪਤਾਨ ਗੁਲਬਦਨ ਵਤਨ ਵਾਪਸੀ ਤੋਂ ਪਹਿਲਾਂ ਆਖ਼ਰੀ ਵਾਰ ਅਪਣੇ ਸਪਿਨਰਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਨਗੇ।