ਕਿਹਾ, ਸਾਡੀ ਵੀ ਓਲੰਪਿਕ ’ਚ ਸੋਨ ਤਮਗਾ ਜਿੱਤ ਕੇ ਦੇਸ਼ ਵਾਸੀਆਂ ਨੂੰ ਫਿਰ ਤੋਂ ਉਹੀ ਖੁਸ਼ੀ ਦੇਣ ਦੀ ਕੋਸ਼ਿਸ਼ ਹੈ
ਬੇਂਗਲੁਰੂ: ਟੀ-20 ਵਿਸ਼ਵ ਕੱਪ ’ਚ ਟੀਮ ਦੀ ਸ਼ਾਨਦਾਰ ਜਿੱਤ ’ਤੇ ਮਾਣ ਮਹਿਸੂਸ ਕਰਦੇ ਹੋਏ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੀ ਟੀਮ ਦੇਸ਼ ਵਾਸੀਆਂ ਨੂੰ ਪੈਰਿਸ ਓਲੰਪਿਕ ’ਚ ਵੀ ਇਸੇ ਤਰ੍ਹਾਂ ਜਸ਼ਨ ਮਨਾਉਣ ਦਾ ਮੌਕਾ ਦੇਵੇਗੀ।
ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਬਾਰਬਾਡੋਸ ’ਚ ਦਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਜਿੱਤ ਲਿਆ, ਜਿਸ ਨਾਲ ਆਈ.ਸੀ.ਸੀ. ਖਿਤਾਬ ਦੀ 11 ਸਾਲਾਂ ਦੀ ਉਡੀਕ ਖਤਮ ਹੋ ਗਈ। ਚੈਂਪੀਅਨ ਟੀਮ ਦਾ ਘਰ ਪਰਤਣ ’ਤੇ ਬੇਮਿਸਾਲ ਸਵਾਗਤ ਕੀਤਾ ਗਿਆ।
ਇਸ ਮਹੀਨੇ ਪੈਰਿਸ ਓਲੰਪਿਕ ਦੀ ਤਿਆਰੀ ਲਈ ਕੈਂਪ ’ਚ ਲੱਗੀ ਭਾਰਤੀ ਹਾਕੀ ਟੀਮ ਦੀ ਕਪਤਾਨ ਹਰਮਨਪ੍ਰੀਤ ਨੇ ਕਿਹਾ, ‘‘ਇਕ ਖਿਡਾਰੀ ਦੇ ਤੌਰ ’ਤੇ ਵੱਡੇ ਟੂਰਨਾਮੈਂਟ ’ਚ ਜਾਣ ਅਤੇ ਚੰਗਾ ਪ੍ਰਦਰਸ਼ਨ ਕਰਨ ਅਤੇ ਵਿਸ਼ਵ ਕੱਪ ਜਿੱਤਣ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਪੂਰਾ ਦੇਸ਼ ਤੁਹਾਡੇ ਨਾਲ ਖੁਸ਼ੀ ਮਨਾ ਰਿਹਾ ਹੈ। ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ?’’
ਕਪਤਾਨ ਦੇ ਤੌਰ ’ਤੇ ਪਹਿਲਾ ਓਲੰਪਿਕ ਖੇਡਣ ਜਾ ਰਹੇ 28 ਸਾਲ ਦੇ ਡ੍ਰੈਗ ਫਲਿਕਰ ਨੇ ਕਿਹਾ, ‘‘ਸਾਡੀ ਵੀ ਓਲੰਪਿਕ ’ਚ ਮੈਡਲ ਜਿੱਤਣ ਅਤੇ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਹੈ ਅਤੇ ਦੇਸ਼ ਵਾਸੀਆਂ ਨੂੰ ਫਿਰ ਤੋਂ ਉਹੀ ਖੁਸ਼ੀ ਦੇਈਏ। ਇਨ੍ਹਾਂ ਪਲਾਂ ਨੂੰ ਦੇਸ਼ ਨਾਲ ਅਸੀਂ ਵੀ ਜੀਵੀਏ। ਮੇਰੇ ਲਈ ਇਸ ਤੋਂ ਵੱਡਾ ਮਾਣ ਹੋਰ ਕੋਈ ਨਹੀਂ ਹੋਵੇਗਾ।’’
ਉਨ੍ਹਾਂ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ‘‘ਪਿਛਲੇ ਸਾਲ ਵਨਡੇ ਵਿਸ਼ਵ ਕੱਪ ਫਾਈਨਲ ਹਾਰਨ ਤੋਂ ਬਾਅਦ ਟੀ-20 ਵਿਸ਼ਵ ਕੱਪ ਜਿੱਤਣਾ ਵੱਡੀ ਗੱਲ ਹੈ। ਰੋਹਿਤ ਦਾ ਇਕ ਲੰਬਾ ਸਫ਼ਰ ਵੀ ਰਿਹਾ ਹੈ ਅਤੇ ਉਸ ਨੇ ਕਈ ਉਤਰਾਅ-ਚੜ੍ਹਾਅ ਵੇਖੇ ਹਨ। ਪੂਰਾ ਦੇਸ਼ ਅਤੇ ਸਾਨੂੰ ਉਨ੍ਹਾਂ ’ਤੇ ਮਾਣ ਵੀ ਹੈ।’’
41 ਸਾਲ ਬਾਅਦ ਟੋਕੀਓ ਓਲੰਪਿਕ ’ਚ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਹਰਮਨਪ੍ਰੀਤ ਨੇ ਕਿਹਾ, ‘‘ਜਦੋਂ ਅਸੀਂ 41 ਸਾਲ ਬਾਅਦ ਟੋਕੀਓ ’ਚ ਤਮਗਾ ਜਿੱਤਿਆ ਤਾਂ ਇਹ ਹਾਕੀ ਲਈ ਟਾਨਿਕ ਵਰਗਾ ਸੀ। ਇਸ ਵਾਰ ਸਾਡੀ ਜ਼ਿੰਮੇਵਾਰੀ ਵਧ ਗਈ ਹੈ ਅਤੇ ਹਰ ਕੋਈ ਜਾਣਦਾ ਹੈ ਕਿ ਉਸ ਮੈਡਲ ਤੋਂ ਬਾਅਦ ਸਾਨੂੰ ਕਿੰਨਾ ਪਿਆਰ ਅਤੇ ਸਨਮਾਨ ਮਿਲਿਆ।’’
ਉਨ੍ਹਾਂ ਕਿਹਾ ਕਿ ਉਹ ਟੋਕੀਓ ਓਲੰਪਿਕ ਦੇ ਸਫ਼ਰ ਦੇ ਹਰ ਪਲ ਨੂੰ ਅੱਜ ਵੀ ਯਾਦ ਰਖਦੇ ਹਨ ਅਤੇ ਇਸ ਨੂੰ ਜ਼ਿੰਦਗੀ ਭਰ ਨਹੀਂ ਭੁੱਲਣਗੇ।
ਉਨ੍ਹਾਂ ਕਿਹਾ, ‘‘ਮੈਡਲ ਜਿੱਤਣ ਦੀ ਭਾਵਨਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਅਸੀਂ ਟੀਮ ’ਚ ਆਏ ਨਵੇਂ ਖਿਡਾਰੀਆਂ ਨਾਲ ਅਪਣਾ ਤਜਰਬਾ ਸਾਂਝਾ ਕਰਦੇ ਹਾਂ ਕਿ ਓਲੰਪਿਕ ਤਮਗਾ ਜਿੱਤਣਾ ਆਸਾਨ ਨਹੀਂ ਹੈ। ਉਹ ਧਿਆਨ ਨਾਲ ਸੁਣਦੇ ਹਨ ਅਤੇ ਪੂਰੇ ਉਤਸ਼ਾਹ ਨਾਲ ਸਖਤ ਮਿਹਨਤ ਕਰਦੇ ਹਨ।’’
ਭਾਰਤੀ ਹਾਕੀ ਦੇ ‘ਕੈਪਟਨ ਕੂਲ’ ਵਜੋਂ ਜਾਣੇ ਜਾਂਦੇ ਪੰਜਾਬ ਦੇ ਫੁਲਬੈਕ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਸਹੀ ਫੈਸਲੇ ਲੈਣ ’ਚ ਮਦਦ ਮਿਲਦੀ ਹੈ।
ਉਨ੍ਹਾਂ ਕਿਹਾ, ‘‘ਇਕ ਕਪਤਾਨ ਦੇ ਤੌਰ ’ਤੇ ਬਹੁਤ ਜ਼ਿੰਮੇਵਾਰੀ ਹੁੰਦੀ ਹੈ ਅਤੇ ਜੇਕਰ ਤੁਸੀਂ ਮੈਦਾਨ ’ਤੇ ਸ਼ਾਂਤ ਰਹੋਗੇ ਤਾਂ ਤੁਸੀਂ ਦੂਜਿਆਂ ਦੀ ਮਦਦ ਕਰ ਸਕੋਗੇ। ਮੈਂ ਮੈਚ ’ਚ ਅਤੇ ਅਭਿਆਸ ਦੌਰਾਨ ਠੰਡਾ ਰਹਿਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਖਿਡਾਰੀਆਂ ਨੂੰ ਅਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਾ ਹਾਂ।’’
ਭਾਰਤ ਲਈ 219 ਮੈਚਾਂ ’ਚ 188 ਗੋਲ ਕਰਨ ਵਾਲੇ ਹਰਮਨਪ੍ਰੀਤ ਨੇ ਰੀਓ ਓਲੰਪਿਕ (2016) ’ਚ ਇਕ ਵੀ ਗੋਲ ਨਹੀਂ ਕੀਤਾ ਪਰ ਟੋਕੀਓ ’ਚ 6 ਗੋਲ ਕੀਤੇ, ਜਿਸ ’ਚ ਜਰਮਨੀ ਵਿਰੁਧ ਕਾਂਸੀ ਤਮਗਾ ਪਲੇਅ ਆਫ ਮੁਕਾਬਲੇ ’ਚ ਬਰਾਬਰੀ ਦਾ ਗੋਲ ਵੀ ਸ਼ਾਮਲ ਹੈ।
ਓਲੰਪਿਕ ’ਚ ਅਪਣੇ ਸਫ਼ਰ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ, ‘‘ਮੈਂ 2016 ’ਚ ਜੂਨੀਅਰ ਟੀਮ ’ਚ ਵੀ ਸੀ ਅਤੇ ਜਦੋਂ ਮੈਨੂੰ ਓਲੰਪਿਕ ’ਚ ਖੇਡਣ ਦਾ ਮੌਕਾ ਮਿਲਿਆ, ਤਾਂ ਇਹ ਮਾਣ ਵਾਲਾ ਪਲ ਸੀ ਪਰ ਅਸੀਂ ਓਲੰਪਿਕ ’ਚ ਚੰਗਾ ਨਹੀਂ ਖੇਡ ਸਕੇ। ਉਦੋਂ ਤੋਂ, ਯਾਤਰਾ ਸ਼ੁਰੂ ਹੋਈ. ਪਿਛਲੇ ਓਲੰਪਿਕ ਵਿਚ ਇਹ ਚੰਗਾ ਪ੍ਰਦਰਸ਼ਨ ਸੀ ਅਤੇ ਮੈਂ ਪੈਰਿਸ ਵਿਚ ਵੀ ਇਸ ਨੂੰ ਜਾਰੀ ਰਖਣਾ ਚਾਹਾਂਗਾ।’’
ਦੁਨੀਆਂ ਦੇ ਬਿਹਤਰੀਨ ਡ੍ਰੈਗ ਫਲਿਕਰਾਂ ਵਿਚੋਂ ਇਕ ਇਸ ਖਿਡਾਰੀ ਨੇ ਕਿਹਾ, ‘‘ਸਾਡੇ ਕੋਲ ਪਨੈਲਟੀ ਕਾਰਨਰ ਬਚਾਉਣ ਲਈ ਬਿਹਤਰੀਨ ਰਸ਼ਰ ਅਤੇ ਗੋਲਕੀਪਰ ਹੈ ਪਰ ਫਿਰ ਵੀ ਡ੍ਰੈਗ ਫਲਿਕਿੰਗ ਦਿਨੋ-ਦਿਨ ਮੁਸ਼ਕਲ ਹੁੰਦੀ ਜਾ ਰਹੀ ਹੈ। ਅਸੀਂ ਇਸ ’ਤੇ ਕੰਮ ਕੀਤਾ ਹੈ, ਵਿਰੋਧੀ ਟੀਮ ਦਾ ਵਿਸ਼ਲੇਸ਼ਣ ਕੀਤਾ ਹੈ, ਉਨ੍ਹਾਂ ਦਾ ਪਹਿਲਾ ਗੇਂਦਬਾਜ਼ ਕੌਣ ਹੈ, ਉਨ੍ਹਾਂ ਦੀ ਤਕਨੀਕ ਕੀ ਹੈ ਅਤੇ ਅਸੀਂ ਕਿਵੇਂ ਵੰਨ-ਸੁਵੰਨਤਾ ਲਿਆ ਸਕਦੇ ਹਾਂ।’’
ਉਨ੍ਹਾਂ ਕਿਹਾ ਕਿ ਇਸ ਵਾਰ ਫਿੱਟਨੈੱਸ ਅਤੇ ਡਿਫੈਂਸ ਢਾਂਚੇ ’ਤੇ ਜ਼ਿਆਦਾ ਧਿਆਨ ਦਿਤਾ ਜਾ ਰਿਹਾ ਹੈ ਜਦਕਿ ਡੀ ਦੇ ਅੰਦਰ ਫਿਨਿਸ਼ਿੰਗ ’ਤੇ ਵੀ ਕਾਫੀ ਕੰਮ ਕੀਤਾ ਗਿਆ ਹੈ।
ਓਲੰਪਿਕ ’ਚ ਭਾਰਤ ਦਾ ਪੂਲ ਕਾਫੀ ਮੁਸ਼ਕਲ ਹੈ, ਜਿਸ ’ਚ ਆਸਟਰੇਲੀਆ, ਬੈਲਜੀਅਮ ਅਤੇ ਅਰਜਨਟੀਨਾ ਵਰਗੀਆਂ ਦਿੱਗਜ ਟੀਮਾਂ ਹਨ ਪਰ ਕਪਤਾਨ ਇਸ ’ਤੇ ਕੋਈ ਦਬਾਅ ਨਹੀਂ ਲੈਂਦਾ। ਉਨ੍ਹਾਂ ਕਿਹਾ, ‘‘ਕੋਈ ਦਬਾਅ ਨਹੀਂ ਹੈ। ਓਲੰਪਿਕ ’ਚ ਕੋਈ ਵੀ ਪੂਲ ਹੋਵੇ, ਹਰ ਟੀਮ ਹੋਵੇ ਅਤੇ ਹਰ ਮੈਚ ਮਹੱਤਵਪੂਰਨ ਹੁੰਦਾ ਹੈ। ਪਹਿਲਾ ਮੈਚ ਨਿਊਜ਼ੀਲੈਂਡ ਦਾ ਹੈ ਅਤੇ ਫਿਲਹਾਲ ਧਿਆਨ ਉਨ੍ਹਾਂ ’ਤੇ ਹੋਵੇਗਾ। ਮੈਚ ਦਰ ਮੈਚ ਪ੍ਰਦਰਸ਼ਨ ’ਚ ਸੁਧਾਰ ਕਰਨਾ ਪਵੇਗਾ। ਅਸੀਂ ਅਪਣੀ ਟੀਮ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਅਤੇ ਅਪਣੀ ਤਾਕਤ ’ਤੇ ਖੇਡਾਂਗੇ।’’
ਕਪਤਾਨ ਦੇ ਤੌਰ ’ਤੇ ਉਨ੍ਹਾਂ ਨੇ ਪਹਿਲੀ ਵਾਰ ਓਲੰਪਿਕ ’ਚ ਜਾਣ ਵਾਲੇ ਖਿਡਾਰੀਆਂ ਨੂੰ ਇਹ ਵੀ ਸਮਝਾਇਆ ਹੈ ਕਿ ਖੇਡ ਪਿੰਡ ਦੀ ਚਮਕ ਤੋਂ ਧਿਆਨ ਨਹੀਂ ਭਟਕਾਉਣਾ ਚਾਹੀਦਾ।
ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਭਾਰਤੀ ਹਾਕੀ ’ਤੇ ਭਰੋਸਾ ਰੱਖਣ ਦੀ ਅਪੀਲ ਕਰਦਿਆਂ ਕਿਹਾ, ‘‘ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਤੁਸੀਂ ਪਹਿਲੇ ਦਿਨ ਤੋਂ ਹੀ ਸਾਡੇ ਨਾਲ ਹੋ ਅਤੇ ਅਸੀਂ ਹਮੇਸ਼ਾ ਅਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਵਾਰ ਵੀ ਮੈਂ ਪਹਿਲੇ ਤੋਂ ਲੈ ਕੇ ਆਖਰੀ ਮੈਚ ਤਕ ਅਪਣਾ 100 ਫੀ ਸਦੀ ਦੇਵਾਂਗਾ। ਸਾਡੇ ’ਤੇ ਅਪਣਾ ਭਰੋਸਾ ਰੱਖੋ। ਅਸੀਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ।’’