
ਦੁਨੀਆ ਦਾ ਨੰਬਰ ਇਕ ਟੈਨਿਸ ਖਿਡਾਰੀ ਰਾਫ਼ੇਲ ਨਡਾਲ ਸੱਟ ਕਾਰਨ ਯੂਐਯ ਓਪਨ ਤੋਂ ਬਾਹਰ ਹੋ ਗਿਆ ਹੈ..........
ਨਵੀਂ ਦਿੱਲੀ : ਦੁਨੀਆ ਦਾ ਨੰਬਰ ਇਕ ਟੈਨਿਸ ਖਿਡਾਰੀ ਰਾਫ਼ੇਲ ਨਡਾਲ ਸੱਟ ਕਾਰਨ ਯੂਐਯ ਓਪਨ ਤੋਂ ਬਾਹਰ ਹੋ ਗਿਆ ਹੈ। ਤਿੰਨ ਵਾਰ ਦੇ ਚੈਂਪੀਅਨ ਨਡਾਲ ਨੇ ਗੋਡੇ 'ਚ ਇੰਜਰੀ ਦੇ ਚਲਦਿਆਂ ਸੈਮੀਫ਼ਾਈਨਲ ਮੁਕਾਬਲਾ ਵਿਚਕਾਰ ਹੀ ਛੱਡ ਦਿਤਾ। ਨਡਾਲ ਨੇ ਕਿਹਾ ਕਿ ਉਹ ਰਿਟਾਇਰ ਨਹੀਂ ਹੋਣਾ ਚਾਹੁੰਦਾ ਸੀ, ਪਰ ਗੋਡੇ ਦੇ ਤੇਜ਼ ਦਰਦ ਦੇ ਚਲਦਿਆਂ ਉਸ ਨੂੰ ਕੋਰਟ ਤੋਂ ਬਾਹਰ ਜਾਣਾ ਪਿਆ।
ਸੈਮੀਫ਼ਾਈਨਲ 'ਚ ਨਡਾਲ ਅਰਜਟੀਨਾ ਦੇ ਡੇਲ ਪੋਤਰੋ ਵਿਰੁਧ ਮੈਚ 'ਚ 6-7, 2-6 ਨਾਲ ਪਿੱਛੇ ਚੱਲ ਰਹੇ ਸਨ। ਦੂਜਾ ਸੈੱਟ ਖ਼ਤਮ ਹੋਣ ਤੋਂ ਬਾਅਦ ਹੀ ਉਸ ਦੇ ਗੋਡੇ 'ਤੇ ਤੇਜ਼ ਦਰਦ ਹੋਣ ਲਗਿਆ। ਇਸ ਤੋਂ ਬਾਅਦ ਉਸ ਨੇ ਮੈਚ ਹੀ ਛੱਡ ਦਿਤਾ। ਨਡਾਲ ਨੇ ਕਿਹਾ ਕਿ ਮੈਂ ਅਪਣੇ ਵਲੋਂ ਖੇਡਣ ਦੀ ਕੋਸ਼ਿਸ਼ ਕੀਤੀ। ਤੁਸੀਂ ਸਮਝ ਸਕਦੇ ਹੋ ਕਿ ਇੱਥੋਂ ਜਾਣ 'ਤੇ ਮੈਨੂੰ ਕਿੰਨਾ ਅਫ਼ਸੋਸ ਹੋ ਰਿਹਾ ਹੋਵੇਗਾ। ਸੱਟ ਨਾਲ ਖੇਡਣਾ ਕਾਫ਼ੀ ਤਕਲੀਫ਼ਦੇਹ ਸੀ।
ਪਿਛਲੇ ਦੋ ਸਾਲ 'ਚ ਨਡਾਲ ਚਾਰ ਵਾਰ ਕਿਸੇ ਗ੍ਰੈਂਡ ਸਲੈਮ ਦੇ ਫ਼ਾਈਨਲ 'ਚ ਪਹੁੰਚੇ ਹਨ। ਪਿਛਲੇ ਸਾਲ ਯੂਐਸ ਓਪਨ 'ਚ ਉਨ੍ਹਾਂ ਨੂੰ ਜਿੱਤ ਮਿਲੀ ਸੀ, ਜਦੋਂ ਕਿ 2017 ਅਤੇ 2018 ਦੇ ਫ਼੍ਰੈਚ ਓਪਨ ਦੇ ਉਹ ਜੇਤੂ ਬਣੇ ਸਨ। 17 ਵਾਰ ਗ੍ਰੈਂਡ ਸਲੈਮ ਜਿੱਤਣ ਵਾਲੇ ਨਡਾਲ ਇਸ ਵਾਰ ਆਸਟ੍ਰੇਲੀਅਨ ਓਪਨ ਦੇ ਕੁਆਟਰ ਫ਼ਾਈਨਲ 'ਚ ਪਹੁੰਚੇ ਸੀ, ਜਦੋਂ ਕਿ ਵਿੰਬਲਡਨ ਦੇ ਸੈਮੀਫ਼ਾਈਨਲ ਤਕ ਦਾ ਸਫ਼ਰ ਉਨ੍ਹਾਂ ਨੇ ਤੈਅ ਕੀਤਾ ਸੀ। ਹੁਣ ਫ਼ਾਈਨਲ 'ਚ ਪੋਤਰੋ ਦਾ ਮੁਕਾਬਲਾ 2011 ਅਤੇ 2015 ਦੇ ਚੈਂਪੀਅਨ ਜੋਕੋਵਿਚ ਨਾਲ ਹੋਵੇਗਾ। ਜੋਕੋਵਿਚ 8ਵੀਂ ਵਾਰ ਯੂਐਸ ਓਪਨ ਦੇ ਫ਼ਾਈਨਲ 'ਚ ਪਹੁੰਚੇ ਹਨ। (ਏਜੰਸੀ)