ਆਸਾਮ ਦੇ ਨੌਗਾਂਵ ਜ਼ਿਲ੍ਹੇ ਦੇ ਕਾਂਦੁਲਿਮਾਰੀ ਪਿੰਡ ਦੇ ਪਰਵਾਰ ਵਿਚ ਜਨਮੀ 18 ਸਾਲਾ ਹਿਮਾ ਦਾਸ ਨੇ ਕਲ ਫ਼ਿਨਲੈਂਡ ਵਿਚ ਆਈਏਏਐਫ਼ ਵਿਸ਼ਵ ਅੰਡਰ 20 ਅਥਲੈਟਿਕਸ ਚੈਂਪੀਅਨਸ਼ਿਪ......
ਨਵੀਂ ਦਿੱਲੀ : ਆਸਾਮ ਦੇ ਨੌਗਾਂਵ ਜ਼ਿਲ੍ਹੇ ਦੇ ਕਾਂਦੁਲਿਮਾਰੀ ਪਿੰਡ ਦੇ ਪਰਵਾਰ ਵਿਚ ਜਨਮੀ 18 ਸਾਲਾ ਹਿਮਾ ਦਾਸ ਨੇ ਕਲ ਫ਼ਿਨਲੈਂਡ ਵਿਚ ਆਈਏਏਐਫ਼ ਵਿਸ਼ਵ ਅੰਡਰ 20 ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਮਗ਼ਾ ਜਿੱਤ ਕੇ ਇਤਿਹਾਸ ਸਿਰਜ ਦਿਤਾ ਹੈ। ਉਸ ਨੇ 400 ਮੀਟਰ ਦੌੜ ਵਿਚ ਸੋਨੇ ਦਾ ਤਮਗ਼ਾ ਜਿੱਤਿਆ ਹੈ। ਇਸ ਦੌੜ ਨੂੰ ਪੂਰਾ ਕਰਨ ਵਿਚ ਉਸ ਨੇ 51.46 ਸੈਕਿੰਡ ਲਾਏ। ਉਸ ਤੋਂ ਪਹਿਲਾਂ ਕਿਸੇ ਮਹਿਲਾ ਜਾਂ ਪੁਰਸ਼ ਖਿਡਾਰੀ ਨੇ ਕੌਮਾਂਤਰੀ ਟਰੈਕ 'ਤੇ ਜੂਨੀਅਰ ਜਾਂ ਸੀਨੀਅਰ ਪੱਧਰ 'ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਗੋਲਡ ਨਹੀਂ ਜਿੱÎਤਿਆ। ਉਡਣੇ ਸਿੱਖ ਮਿਲਖਾ ਸਿੰਘ ਅਤੇ ਪੀਟੀ ਊਸ਼ਾ ਵੀ ਅਜਿਹਾ ਕਮਾਲ ਨਹੀਂ ਕਰ ਸਕੇ।
ਇੰਜ ਅੰਤਰਰਾਸ਼ਟਰੀ ਟਰੈਕ 'ਤੇ ਭਾਰਤ ਦੀ ਇਹ ਇਤਿਹਾਸਕ ਜਿੱਤ ਹੈ। ਉੁਸ ਨੇ ਸੈਮੀਫ਼ਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹੁਣ ਉਹ ਨੀਰਜ ਚੋਪੜਾ ਕਲੱਬ ਵਿਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਨੇ 2016 ਵਿਚ ਪੋਲੈਂਡ ਵਿਚ ਆਈਏਏਫ਼ ਵਿਸ਼ਵ ਅੰਡਰ 20 ਚੈਂਪੀਅਨਸ਼ਿਪ ਵਿਚ ਭਾਲਾ ਸੁੱਟਣ ਦੇ ਮੁਕਾਬਲੇ ਵਿਚ ਸੋਨੇ ਦਾ ਤਮਗ਼ਾ ਜਿੱਤਿਆ ਸੀ। ਉਸ ਨੇ ਕਿਹਾ, 'ਮੈਂ ਅਪਣੇ ਪਰਵਾਰ ਦੀ ਹਾਲਤ ਨੂੰ ਬਾਖ਼ੂਬੀ ਜਾਣਦੀ ਹਾਂ ਪਰ ਰੱਬ ਕੋਲ ਸਾਰਿਆਂ ਲਈ ਕੁੱਝ ਨਾ ਕੁੱਝ ਹੁੰਦਾ ਹੈ।
ਮੈਂ ਹਾਂਪੱਖੀ ਸੋਚ ਰੱਖਦੀ ਹਾਂ ਅਤੇ ਮੈਂ ਜ਼ਿੰਦਗੀ ਵਿਚ ਅੱਗੇ ਵਧਣ ਬਾਰੇ ਸੋਚਦੀ ਹਾਂ। ਮੈਂ ਅਪਣੇ ਮਾਤਾ ਪਿਤਾ ਲਈ ਕੁੱਝ ਕਰਨਾ ਚਾਹੁੰਦੀ ਹੈ।' ਉਸ ਨੇ ਕਿਹਾ, 'ਹੁਣ ਤਕ ਇਹ ਸੱਭ ਕੁੱਝ ਸੁਪਨੇ ਵਾਂਗ ਰਿਹਾ ਹੈ। ਮੈਂ ਹੁਣ ਵਿਸ਼ਵ ਜੂਨੀਅਰ ਚੈਂਪੀਅਨ ਹਾਂ।' ਉਹ ਚਾਰ ਭਰਾ ਭੈਣਾਂ ਵਿਚ ਸੱਭ ਤੋਂ ਵੱਡੀ ਹੈ। ਹਿਮਾ ਖ਼ੁਦ ਅਪਣੇ ਪਿੰਡ ਤੋਂ ਇਕ ਕਿਲੋਮੀਟਰ ਦੂਰ ਪੈਂਦੇ ਕਾਲਜ ਵਿਚ ਬਾਰ੍ਹਵੀਂ ਦੀ ਵਿਦਿਆਰਥਣ ਹੈ। (ਏਜੰਸੀ)