
ਆਈ.ਏ.ਏ.ਐੱਫ. ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤੀ ਖਿਡਾਰਨ ਹਿਮਾ ਦਾਸ ਨੇ ਸੋਨੇ ਦਾ ਤਗਮਾ ਅਪਣੇ ਨਾਮ ਕਰ ਲਿਆ ਹੈ। ਇਹੀ ਨਹੀਂ...
ਨਵੀਂ ਦਿੱਲੀ : ਆਈ.ਏ.ਏ.ਐੱਫ. ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤੀ ਖਿਡਾਰਨ ਹਿਮਾ ਦਾਸ ਨੇ ਸੋਨੇ ਦਾ ਤਗਮਾ ਅਪਣੇ ਨਾਮ ਕਰ ਲਿਆ ਹੈ। ਇਹੀ ਨਹੀਂ ਉਸ ਨੇ ਇਹ ਸੋਨ ਤਮਗ਼ਾ ਜਿੱਤਣ ਦੇ ਨਾਲ ਖੇਡਾਂ ਦੀ ਦੁਨੀਆਂ ਵਿਚ ਇਤਿਹਾਸ ਸਿਰਜ ਕੇ ਰੱਖ ਦਿਤਾ ਹੈ। ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ 18 ਸਾਲਾਂ ਦੀ ਹਿਮਾ ਨੇ ਭਾਰਤ ਦੀ ਫਰਾਟਾ ਦੌੜਾਕ ਰਹੀ ਪੀ.ਟੀ. ਊਸ਼ਾ ਅਤੇ ਉਡਣੇ ਸਿੱਖ ਵਜੋਂ ਪ੍ਰਸਿੱਧ ਮਿਲਖਾ ਸਿੰਘ ਨੂੰ ਵੀ ਪਛਾੜ ਕੇ ਰੱਖ ਦਿਤਾ ਹੈ।
Hima Dassਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਐਥਲੀਟ ਬਣ ਗਈ ਹੈ। ਦਸ ਦਈਏ ਕਿ 400 ਮੀਟਰ ਦੀ ਦੌੜ ਵਿਚ ਹਿਮਾ ਦਾਸ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਹਿਮਾ ਤੋਂ ਪਹਿਲਾਂ ਕੋਈ ਵੀ ਮਹਿਲਾ ਜਾਂ ਪੁਰਸ਼ ਖਿਡਾਰੀ ਕਿਸੇ ਵੀ ਪੱਧਰ 'ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨੇ ਦਾ ਜਾਂ ਕੋਈ ਹੋਰ ਤਮਗਾ ਨਹੀਂ ਜਿੱਤ ਸਕਿਆ ਹੈ। ਹਿਮਾ ਦਾਸ ਤੋਂ ਪਹਿਲਾਂ ਸਭ ਤੋਂ ਚੰਗਾ ਪ੍ਰਦਰਸ਼ਨ ਮਿਲਖਾ ਸਿੰਘ ਅਤੇ ਪੀ.ਟੀ. ਊਸ਼ਾ ਦਾ ਰਿਹਾ ਸੀ ਪਰ ਹੁਣ ਹਿਮਾ ਨੇ ਇਸ ਰਿਕਾਰਡ ਤੋੜ ਕੇ ਅਪਣੇ ਨਾਮ ਕਰ ਲਿਆ ਹੈ।
Hima Dassਹਿਮਾ ਨੇ ਫਿਨਲੈਂਡ ਰਾਟਿਨਾ ਸਟੇਡੀਅਮ 'ਚ ਖੇਡੇ ਗਏ ਫਾਈਨਲ ਮੁਕਾਬਲੇ ਦੌਰਾਨ ਮਹਿਜ਼ 51.46 ਸਕਿੰਟ ਦੇ ਬਹੁਤ ਥੋੜ੍ਹੇ ਸਮੇਂ 'ਚ ਹੀ ਇਸ ਦੌੜ ਨੂੰ ਪੂਰਾ ਕਰ ਲਿਆ। ਇਸ ਦੇ ਨਾਲ ਹੀ ਉਹ ਇਸ ਚੈਂਪੀਅਨਸ਼ਿਪ ਵਿਚ ਸਾਰੇ ਉਮਰ ਵਰਗਾਂ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਦਸ ਦਈਏ ਕਿ ਭਾਰਤੀ ਤੇਜ਼ ਦੌੜਾਕ ਪੀ.ਟੀ. ਊਸ਼ਾ ਨੇ ਜਿੱਥੇ 1984 ਓਲੰਪਿਕ ਵਿਚ 400 ਮੀਟਰ ਹਰਡਲ ਰੇਸ ਵਿਚ ਚੌਥਾ ਸਥਾਨ ਹਾਸਲ ਕੀਤਾ ਸੀ, ਤਾਂ ਉੱਥੇ ਹੀ ਮਿਲਖਾ ਸਿੰਘ ਸਾਲ 1960 ਵਿਚ ਰੋਮ ਓਲੰਪਿਕ ਵਿਚ 400 ਮੀਟਰ ਦੀ ਦੌੜ ਵਿਚ ਚੌਥੇ ਸਥਾਨ 'ਤੇ ਰਹੇ ਸਨ।
Hima Dass winਇਨ੍ਹਾਂ ਦੋਹਾਂ ਤੋਂ ਇਲਾਵਾ ਕੋਈ ਵੀ ਖਿਡਾਰੀ ਟਰੈਕ ਈਵੈਂਟ ਵਿਚ ਮੈਡਲ ਦੇ ਨੇੜੇ ਨਹੀਂ ਪਹੁੰਚ ਸਕਿਆ ਸੀ। ਹਿਮਾ ਦੀ ਸ਼ਾਨਦਾਰ ਸਫ਼ਲਤਾ ਦੇ ਲਈ ਜਿੱਥੇ ਉਸ ਨੂੰ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਵਧਾਈ ਦਿਤੀ ਹੈ, ਉਥੇ ਹੀ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰ ਕਈ ਹਸਤੀਆਂ ਨੇ ਵੀ ਟਵਿੱਟਰ ਜ਼ਰੀਏ ਮੁਬਾਰਕਵਾਦ ਦਿਤੀ ਹੈ।