
ਭਾਰਤ ਅਤੇ ਇੰਗਲੈਂਡ ਕ੍ਰਿਕਟ ਟੀਮਾਂ ਦਰਮਿਆਨ ਖੇਡੀ ਜਾ ਰਹੀ ਪੰਜ ਮੈਚਾਂ ਦੀ ਲੜੀ ਦੇ ਦੂਜੇ ਮੈਚ 'ਚ ਭਾਰਤੀ ਟੀਮ ਨੂੰ ਇੰਗਲੈਂਡ ਨੇ ਇਕ ਪਾਰੀ ਅਤੇ 159 ਦੌੜਾਂ...........
ਲਾਡਰਜ਼ : ਭਾਰਤ ਅਤੇ ਇੰਗਲੈਂਡ ਕ੍ਰਿਕਟ ਟੀਮਾਂ ਦਰਮਿਆਨ ਖੇਡੀ ਜਾ ਰਹੀ ਪੰਜ ਮੈਚਾਂ ਦੀ ਲੜੀ ਦੇ ਦੂਜੇ ਮੈਚ 'ਚ ਭਾਰਤੀ ਟੀਮ ਨੂੰ ਇੰਗਲੈਂਡ ਨੇ ਇਕ ਪਾਰੀ ਅਤੇ 159 ਦੌੜਾਂ ਨਾਲ ਹਰਾ ਦਿਤਾ। ਭਾਰਤੀ ਟੀਮ ਪਹਿਲੀ ਪਾਰੀ 'ਚ 107 ਦੌੜਾਂ 'ਤੇ ਅਪਣੀਆਂ ਸਾਰੀਆਂ ਵਿਕਟਾਂ ਗਵਾਉਣ ਤੋਂ ਬਾਅਦ ਦੂਜੀ ਪਾਰੀ 'ਚ ਸਿਰਫ਼ 130 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਮੈਚ ਦਾ ਪਹਿਲਾ ਦਿਨ ਮੀਂਹ ਕਾਰਨ ਪ੍ਰਭਾਵਤ ਰਿਹਾ ਅਤੇ ਦੂਜੇ ਦਿਨ ਭਾਰਤੀ ਟੀਮ ਅਪਣੀ ਪਹਿਲੀ ਪਾਰੀ ਲਈ ਬੱਲੇਬਾਜ਼ੀ ਕਰਨ ਉਤਰੀ ਅਤੇ ਮਹਿਜ਼ 107 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ।
ਜਵਾਬ 'ਚ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਅਪਣੀਆਂ ਸੱਤ ਵਿਕਟਾਂ ਗਵਾ ਕੇ 396 ਦੌੜਾਂ 'ਤੇ ਅਪਣੀ ਪਾਰੀ ਡਕਲੇਅਰ ਕਰ ਦਿਤੀ ਅਤੇ ਭਾਰਤੀ ਟੀਮ ਅੱਗੇ ਕੁਲ 289 ਦੌੜਾਂ ਦਾ ਟ੍ਰਾਇਲ ਟੀਚਾ ਰਖਿਆ। ਪਰ ਦੂਜੀ ਪਾਰੀ 'ਚ ਵੀ ਭਾਰਤੀ ਟੀਮ ਦੇ ਬੱਲੇਬਾਜ਼ ਕੁਝ ਖ਼ਾਸ ਪ੍ਰਦਰਸ਼ਨ ਨਾ ਕਰ ਸਕੇ। ਪਹਿਲੀ ਪਾਰੀ ਵਾਂਗ ਦੂਜੀ ਪਾਰੀ 'ਚ ਵੀ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਬਿਨਾਂ ਖ਼ਾਤਾ ਖੋਲ੍ਹੇ ਹੀ ਆਊਟ ਹੋ ਗਿਆ ਅਤੇ ਮਹਿਜ਼ 10 ਦੌੜਾਂ ਦਾ ਯੋਗਦਾਨ ਪਾ ਕੇ ਕੇ.ਐਲ. ਰਾਹੁਲ ਵੀ ਅਪਣੀ ਵਿਕਟ ਗਵਾ ਬੈਠਾ।
ਮੁਰਲੀ ਵਿਜੇ ਤੋਂ ਬਾਅਦ ਟੀਮ ਦੇ ਉਪ ਕਪਤਾਨ ਅਜਿੰਕੇ ਰਹਾਣੇ ਅਤੇ ਅਤੇ ਚੇਤੇਸ਼ਵਰ ਪੁਜਾਰਾ ਨੇ ਮੋਰਚਾ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ 19ਵੇਂ ਓਵਰ 'ਚ ਅਜਿੰਕੇ ਰਹਾਣੇ ਵੀ 13 ਦੌੜਾਂ ਬਣਾ ਕੇ ਆਊਟ ਹੋ ਗਿਆ ਅਤੇ ਦੇਖਦਿਆਂ ਹੀ ਦੇਖਦਿਆਂ ਸਾਰੀ ਟੀਮ ਆਊਟ ਹੋ ਗਈ। ਭਾਰਤੀ ਟੀਮ ਵਲੋਂ ਸੱਭ ਤੋਂ ਜ਼ਿਆਦਾ 29 ਦੌੜਾਂ ਰਵੀਚੰਦਰਨ ਅਸ਼ਵਿਨ ਨੇ ਬਣਾਈਆਂ। ਇੰਗਲੈਂਡ ਦੇ ਗੇਂਦਬਾਜ਼ ਐਂਡਰਸਨ ਨੇ ਪਹਿਲੀ ਪਾਰੀ 'ਚ 5 ਅਤੇ ਦੂਜੀ ਪਾਰੀ 'ਚ 4 ਵਿਕਟਾਂ ਅਪਣੇ ਨਾਮ ਕੀਤੀਆਂ। (ਏਜੰਸੀ)