
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੂੰ ਲਗਾਤਾਰ ਸੈੱਟਾਂ 'ਚ 6-2, 6-2, 7-6 ਨਾਲ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ...........
ਨਵੀਂ ਦਿੱਲੀ : ਸਰਬੀਆ ਦੇ ਨੋਵਾਕ ਜੋਕੋਵਿਚ ਨੇ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੂੰ ਲਗਾਤਾਰ ਸੈੱਟਾਂ 'ਚ 6-2, 6-2, 7-6 ਨਾਲ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। 31 ਸਾਲ ਦੇ ਜੋਕੋਵਿਚ ਅਪਣਾ ਦੂਜਾ ਗਰੈਂਡ ਸਲੈਮ ਫ਼ਾਈਨਲ ਖੇਡ ਰਹੇ ਐਂਡਰਸਨ ਨੂੰ ਹਰਾ ਕੇ ਚੌਥੀ ਵਾਰ ਵਿੰਬਲਡਨ ਚੈਂਪੀਅਨ ਬਣੇ। ਜੋਕੋਵਿਚ ਦਾ ਇਹ 13ਵਾਂ ਗਰੈਂਡ ਸਲੈਮ ਖ਼ਿਤਾਬ ਹੈ। ਜੋਕੋਵਿਚ ਨੇ ਪਹਿਲਾ ਸੈੱਟ 29 ਮਿੰਟ 'ਚ ਹੀ ਅਪਣੇ ਨਾਮ ਕੀਤਾ ਅਤੇ ਦੂਜਾ ਸੈੱਟ ਵੀ ਆਸਾਨੀ ਨਾਲ ਜਿੱਤ ਲਿਆ। ਜੋਕੋਵਿਚ ਨੂੰ ਇਸ ਟੂਰਨਾਮੈਂਟ 'ਚ 12ਵੀਂ ਵੀਰਤਾ ਦਿਤੀ ਗਈ ਸੀ, ਜਦੋਂ ਕਿ ਐਂਡਰਸਨ ਅੱਠਵੀਂ ਵੀਰਤਾ ਨਾਲ ਟੂਰਨਾਮੈਂਟ 'ਚ ਉਤਰੇ ਸਨ।
ਫ਼ਾਈਨਲ 'ਚ ਐਂਡਰਸਨ ਅਪਣੇ ਉਸ ਮਾਰਕ ਹਥਿਆਰ ਦੀ ਵਰਤੋਂ ਕਰਨ 'ਚ ਨਾਕਾਮ ਰਹੇ, ਜਿਸ ਨਾਲ ਉਨ੍ਹਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਵਿਰੋਧੀਆਂ ਨੂੰ ਖ਼ਾਸਾ ਪ੍ਰੇਸ਼ਾਨ ਕੀਤਾ ਸੀ। ਖ਼ਿਤਾਬੀ ਮੁਕਾਬਲੇ 'ਚ ਐਂਡਰਸਨ ਸਿਰਫ਼ 5 ਹੀ ਐਸ ਲਗਾ ਸਕੇ, ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਛੇ ਮੈਚਾਂ 'ਚ ਅਪਣੀ ਸ਼ਾਨਦਾਰ ਸਰਵਿਸ ਨਾਲ 172 ਐਸ ਲਗਾਏ ਸਨ। ਇਹ ਚੈਂਪੀਅਨ ਜੋਕੋਵਿਚ ਤੋਂ ਲਗਭਗ ਤਿੰਨ ਗੁਣਾ ਸਨ। ਸ਼ੁਰੂਆਤੀ ਦੋ ਸੈੱਟ ਗਵਾਉਣ ਤੋਂ ਬਾਅਦ ਐਂਡਰਸਨ ਨੇ ਤੀਜੇ ਸੈੱਟ 'ਚ ਜੋਕੋਵਿਚ ਨੂੰ ਸਖ਼ਤ ਟੱਕਰ ਦਿਤੀ। ਟਾਈਬ੍ਰੇਕਰ ਤਕ ਚੱਲੇ ਇਸ ਸੈੱਟ 'ਚ ਆਖ਼ਰਕਾਰ ਬਾਜ਼ੀ ਜੋਕੋਵਿਚ ਦੇ ਹੱਥ ਲੱਗੀ ਅਤੇ ਉਨ੍ਹਾਂ ਨੇ ਇਹ ਸੈੱਟ ਜਿੱਤ ਕੇ ਮੈਚ ਵੀ ਅਪਣੇ ਨਾਮ ਕਰ ਲਿਆ। (ਏਜੰਸੀ)