
ਭਾਰਤੀ ਟੀਮ ਨੂੰ ਉਦੋਂ ਚੰਗੀ ਖ਼ਬਰ ਮਿਲੀ, ਜਦੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਫਿਟ ਐਲਾਨ ਕੀਤਾ ਗਿਆ...............
ਨਵੀਂ ਦਿੱਲੀ : ਭਾਰਤੀ ਟੀਮ ਨੂੰ ਉਦੋਂ ਚੰਗੀ ਖ਼ਬਰ ਮਿਲੀ, ਜਦੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਫਿਟ ਐਲਾਨ ਕੀਤਾ ਗਿਆ। ਹੁਣ ਬੁਮਰਾਹ ਇੰਗਲੈਂਡ ਵਿਰੁਧ ਨਾਟਿੰਗਮ 'ਚ ਸਨਿਚਰਵਾਰ ਤੋਂ ਸ਼ੁਰੂ ਹੋ ਰਹੇ ਤੀਜੇ ਟੈਸਟ 'ਚ ਚੋਣ ਲਈ ਉਪਲਬਧ ਹਨ। ਇੰਗਲੈਂਡ ਪਹਿਲੇ ਦੋ ਟੈਸਟ ਮੈਚ ਜਿੱਤ ਕੇ ਪੰਜ ਮੈਚਾਂ ਦੀ ਲੜੀ 'ਚ 2-0 ਨਾਲ ਅੱਗੇ ਚੱਲ ਰਿਹਾ ਹੈ। ਜੂਨ 'ਚ ਡਬਲਿਨ 'ਚ ਆਇਰਲੈਂਡ ਵਿਰੁਧ ਦੌਰੇ ਦਾ ਪਹਿਲਾ ਮੈਚ ਖੇਡਦਿਆਂ ਬੁਮਰਾਹ ਦੇ ਖੱਬੇ ਹੱਥ 'ਤੇ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਉਹ ਖੱਬੇ ਹੱਥ ਅੰਗੂਠੇ 'ਚ ਫ਼੍ਰੈਕਚਰ ਕਾਰਨ ਇੰਗਲੈਂਡ ਵਿਰੁਧ ਟੀ20 ਕੌਮਾਂਤਰੀ ਅਤੇ ਇਕ ਦਿਨਾ ਕੌਮਾਂਤਰੀ ਲੜੀ ਤੋਂ ਇਲਾਵਾ ਪਹਿਲੇ 2 ਟੈਸਟ ਮੈਚਾਂ 'ਚ ਨਹੀਂ ਖੇਡ ਸਕਿਆ।
ਬੁਮਰਾਹ ਦੀ 4 ਜੁਲਾਈ ਨੂੰ ਲੀਡਸ 'ਚ ਸਰਜਰੀ ਹੋਈ, ਜਿਸ ਤੋਂ ਬਾਅਦ ਟੈਸਟ ਲੜੀ ਲਈ ਭਾਰਤੀ ਟੀਮ ਨਾਲ ਜੋੜਿਆ ਗਿਆ। ਬੁਮਰਾਹ ਨੂੰ ਟੈਸਟ ਲੜੀ ਦੌਰਾਨ ਚੇਮਸਫ਼ੋਰਡ, ਬਰਮਿੰਘਮ ਅਤੇ ਲਾਰਡਜ਼ 'ਚ ਨੈੱਟ 'ਤੇ ਸਮਾਂ ਬਿਤਾਉਂਦੇ ਦੇਖਿਆ ਗਿਆ ਸੀ। ਟੀਮ ਪ੍ਰਬੰਧਨ ਨੂੰ ਹਾਲਾਂ ਕਿ ਉਨ੍ਹਾਂ ਦੇ ਹੱਥ ਦਾ ਪਲਾਸਟਰ ਉਤਰਨ ਦਾ ਇੰਤਜ਼ਾਰ ਸੀ। ਦੂਜੇ ਟੈਸਟ 'ਚ ਮੀਂਹ ਕਾਰਨ ਰੁਕਾਵਟ ਦੌਰਾਨ ਇਕ ਨੈੱਟ ਸੈਸ਼ਨ 'ਚ ਬੁਮਰਾਹ ਨੂੰ ਬਿਨਾਂ ਪਲਾਸਟਰ ਦੇ ਗੇਂਦਬਾਜ਼ੀ ਕਰਦਿਆਂ ਦੇਖਿਆ ਗਿਆ ਅਤੇ ਹੁਣ ਉਨ੍ਹਾਂ ਦੀ ਅਗਲੇ ਮੈਚ ਲਈ ਉਪਲਬਧਤਾ ਦੀ ਪੁਸ਼ਟੀ ਹੋਈ ਹੈ। (ਏਜੰਸੀ)