
ਸਾਊਥ ਅਫਰੀਕਾ ਖਿਲਾਫ਼ ਮੋਹਾਲੀ ਵਿਚ ਦੂਜਾ ਟੀ-20 ਮੈਚ ਖੇਡਣ ਲਈ ਭਾਰਤੀ ਕ੍ਰਿਕਟ ਟੀਮ ਚੰਡੀਗੜ੍ਹ ਪਹੁੰਚ ਗਈ ਹੈ।
ਚੰਡੀਗੜ੍ਹ: ਸਾਊਥ ਅਫਰੀਕਾ ਖਿਲਾਫ਼ ਮੋਹਾਲੀ ਵਿਚ ਦੂਜਾ ਟੀ-20 ਮੈਚ ਖੇਡਣ ਲਈ ਭਾਰਤੀ ਕ੍ਰਿਕਟ ਟੀਮ ਚੰਡੀਗੜ੍ਹ ਪਹੁੰਚ ਗਈ ਹੈ। ਹਾਲਾਂਕਿ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਇੱਥੇ ਇਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਦਾ ਕਾਰਨ ਹੈ ਸ਼ਹਿਰ ਦੀ ਪੁਲਿਸ ਵੱਲੋਂ ਭਾਰਤੀ ਟੀਮ ਨੂੰ ਸੁਰੱਖਿਆ ਮੁਹੱਈਆ ਕਰਨ ਤੋਂ ਇਨਕਾਰ ਕਰਨਾ।
ਦਰਅਸਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਚੰਡੀਗੜ੍ਹ ਪੁਲਿਸ ਨੂੰ 9 ਕਰੋੜ ਰੁਪਏ ਦੀ ਫੀਸ ਜਮਾਂ ਨਾ ਕਰਵਾਉਣ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ ਹੈ। ਇਕ ਖ਼ਬਰ ਮੁਤਾਬਕ ਦੱਖਣ ਅਫਰੀਕਾ ਅਤੇ ਭਾਰਤੀ ਕ੍ਰਿਕਟ ਟੀਮ ਜਦੋਂ ਹਵਾਈ ਅੱਡੇ ਪਹੁੰਚੀ ਤਾਂ ਮੋਹਾਲੀ ਪੁਲਿਸ ਨੇ ਉਹਨਾਂ ਨੂੰ ਜਰੂਰੀ ਸੁਰੱਖਿਆ ਦਿੱਤੀ। ਮੋਹਾਲੀ ਪੁਲਿਸ ਉਸ ਸਮੇਂ ਤੱਕ ਦੋਵੇਂ ਟੀਮਾਂ ਨੂੰ ਅਪਣੀ ਸੁਰੱਖਿਆ ਦੇਵੇਗੀ ਜਦੋਂ ਤੱਕ ਕੋਈ ਹੋਰ ਸੁਰੱਖਿਆ ਏਜੰਸੀ ਕ੍ਰਿਕਟ ਟੀਮਾਂ ਦੀ ਸੁਰੱਖਿਆ ਦਾ ਚਾਰਜ ਨਹੀਂ ਲੈਂਦੀ।
ਸੂਤਰਾਂ ਅਨੁਸਾਰ ਕ੍ਰਿਕਟ ਟੀਮ ਦੀ ਸੁਰੱਖਿਆ ਬਦਲੇ ਫੀਸ ਨਾ ਮਿਲਣ ‘ਤੇ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਦੀ ਗੈਰ-ਮੌਜੂਦਗੀ ਵਿਚ ਦੋਵੇਂ ਟੀਮਾਂ ਸੁਰੱਖਿਅਤ ਅਪਣੇ ਹੋਟਲ ਵਿਚ ਪਹੁੰਚ ਗਈਆਂ ਹਨ ਅਤੇ ਉਹਨਾਂ ਨੂੰ ਨਿੱਜੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ ਦੋਵੇਂ ਟੀਮਾਂ ਬੁੱਧਵਾਰ ਨੂੰ ਮੋਹਾਲੀ ਵਿਚ ਦੂਜਾ ਟੀ-20 ਮੈਚ ਖੇਡਣ ਲਈ ਚੰਡੀਗੜ੍ਹ ਪਹੁੰਚੀਆਂ ਹਨ।
ਸੀਰੀਜ਼ ਦਾ ਪਹਿਲੀ ਮੈਚ ਬਾਰਿਸ਼ ਦੇ ਚਲਦਿਆਂ ਰੱਦ ਹੋ ਗਿਆ। ਇਹ ਮੈਚ ਧਰਮਸ਼ਾਲਾ ਸਟੇਡੀਅਮ ਵਿਚ ਹੋਣ ਵਾਲਾ ਸੀ। ਪਹਿਲਾ ਮੈਚ ਬਾਰਿਸ਼ ਦੇ ਚਲਦਿਆਂ ਰੱਦ ਹੋਣ ਤੋਂ ਬਾਅਦ ਪੰਜਾਬ ਮੌਸਮ ਵਿਭਾਗ ਨੇ ਕਿਹਾ ਕਿ ਦੂਜੇ ਮੈਚ ਲਈ ਪ੍ਰਸ਼ੰਸਕਾ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮੌਸਮ ਵਿਭਾਗ ਅਨੁਸਾਰ ਮੈਚ ਪੂਰੇ 40 ਓਵਰ ਦਾ ਖੇਡਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।