
ਚੇਤਨ ਚੌਹਾਨ ਨੇ ਨਵਜੋਤ ਸਿੱਧੂ ਅਤੇ ਯੋਗਰਾਜ ਸਿੰਘ ਸਮੇਤ ਸਿੱਖ ਖਿਡਾਰੀਆਂ ਦੀ ਕੀਤੀ ਸੀ ਮਦਦ
ਚੰਡੀਗੜ੍ਹ: ਸਾਬਕਾ ਕ੍ਰਿਕਟਰ ਅਤੇ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਚੇਤਨ ਚੌਹਾਨ ਦੇ ਕਿੱਸੇ ਨੂੰ ਯਾਦ ਕਰਦਿਆਂ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਸਾਬਕਾ ਟੈਸਟ ਖਿਡਾਰੀ ਯੋਗਰਾਜ ਸਿੰਘ ਨੇ ਦੱਸਿਆ, ‘ਮੈਨੂੰ ਯਾਦ ਹੈ ਕਿ ਭੀੜ ਵਿਚੋਂ ਇਕ ਆਦਮੀ ਨੇ ਚੇਤਨ ਭਾਜੀ ਨੂੰ ਕਿਹਾ ਸੀ- ਅਸੀਂ ਇੱਥੇ ਸਰਦਾਰਾਂ ਨੂੰ ਮਾਰਨ ਆਏ ਹਾਂ। ਤੁਹਾਨੂੰ ਕੁਝ ਨਹੀਂ ਹੋਵੇਗਾ। ਚੇਤਨ ਨੇ ਚੀਕਦੇ ਹੋਏ ਕਿਹਾ ਸੀ ਕਿ ਇਹ ਸਾਰੇ ਮੇਰੇ ਭਰਾ ਹਨ ਅਤੇ ਕੋਈ ਇਹਨਾਂ ਨੂੰ ਛੂਹ ਨਹੀਂ ਸਕਦਾ’।
Chetan Chauhan
ਇਹ ਘਟਨਾ ‘ਜੇਹਲਮ ਐਕਸਪ੍ਰੈਸ’ ਟਰੇਨ ਵਿਚ ਵਾਪਰੀ ਸੀ। ਨਾਰਥ ਅਤੇ ਸੈਂਟਰਲ ਜ਼ੋਨ ਦੇ ਖਿਡਾਰੀ ਦਿਲੀਪ ਟਰਾਫੀ ਸੈਮੀਫਾਈਨਲ ਤੋਂ ਬਾਅਦ ਪੁਣੇ ਤੋਂ ਵਾਪਸ ਪਰਤ ਰਹੇ ਸਨ। ਹਰਿਆਣਾ ਦੇ ਸਾਬਕਾ ਆਫ ਸਪਿਨਰ ਸਰਕਾਰ ਤਲਵਾਰ ਨੇ ਮੀਡੀਆ ਨੂੰ ਦੱਸਿਆ, ‘ਮੈਚ 30 ਅਕਤੂਬਰ ਨੂੰ ਖਤਮ ਹੋਇਆ ਅਤੇ ਅਗਲੇ ਦਿਨ ਸਾਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਬਾਰੇ ਪਤਾ ਚੱਲਿਆ। ਟੀਮ ਮੈਨੇਜਰ ਪ੍ਰੇਮ ਭਾਟੀਆ ਨੇ ਜੇਹਲਮ ਐਕਸਪ੍ਰੈਸ ਵਿਚ ਫਸਟ ਕਲਾਸ ਟਿਕਟ ਬੁੱਕ ਕਰਾਈ। ਇਹ ਯਾਤਰਾ ਕਿਸੇ ਬੁਰੇ ਸੁਪਨੇ ਦੀ ਤਰ੍ਹਾਂ ਸੀ। ਸਾਨੂੰ ਦਿੱਲੀ ਪਹੁੰਚਣ ਵਿਚ 4 ਦਿਨ ਲੱਗੇ ਸੀ’।
Yograj Singh
ਤਲਵਾਰ ਨੇ ਦੱਸਿਆ, ‘ਇਕ ਸਟੇਸ਼ਨ ‘ਤੇ ਅਚਾਨਕ 40-50 ਲੋਕਾਂ ਦੀ ਭੀੜ ਸਾਡੇ ਕੰਪਾਰਟਮੈਂਟ ਵਿਚ ਵੜ ਗਈ। ਉਹ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਲੱਭ ਰਹੇ ਸੀ। ਸਾਡੇ ਨਾਲ ਉਸ ਸਮੇਂ ਤਿੰਨ ਸਿੱਖ ਖਿਡਾਰੀ ਮੌਜੂਦ ਸਨ- ਨਵਜੋਤ ਸਿੰਘ ਸਿੱਧੂ, ਯੋਗਰਾਜ ਸਿੰਘ ਅਤੇ ਰਜਿੰਦਰ ਘਈ। ਸਾਹਮਣੇ ਖੜ੍ਹੀ ਭੀੜ ਨਾਲ ਚੇਤਨ ਚੌਹਾਨ ਅਤੇ ਯਸ਼ਪਾਲ ਸ਼ਰਮਾ ਦੀ ਕਾਫ਼ੀ ਬਹਿਸ ਹੋਈ’।
Navjot sidhu
ਇਸ ਦੌਰਾਨ ਸਾਰੇ ਸਿੱਖ ਖਿਡਾਰੀ ਡਰ ਗਏ। ਉਹਨਾਂ ਨੇ ਸਿੱਧੂ ਅਤੇ ਘਈ ਨੂੰ ਸੀਟ ਹੇਠਾਂ ਅਤੇ ਕਿੱਟ ਬੈਗ ਦੇ ਪਿੱਛੇ ਲੁਕੋ ਲਿਆ। ਯੋਗਰਾਜ ਸਿੰਘ ਦੱਸਦੇ ਹਨ ਕਿ ਉਹਨਾਂ ਨੇ ਸਿੱਧੂ ਨੂੰ ਕੇਸ ਕਟਵਾਉਣ ਤੱਕ ਦਾ ਸੁਝਾਅ ਦਿੱਤਾ। ਯੋਗਰਾਜ ਸਿੰਘ ਨੇ ਦੱਸਿਆ, ‘ ਸਭ ਕੁੱਝ ਬਹੁਤ ਡਰਾਵਣਾ ਸੀ। ਉਹ ਟਰੇਨ ਨੂੰ ਅੱਗ ਲਗਾ ਰਹੇ ਸੀ ਅਤੇ ਅੰਦਰ ਆ ਕੇ ਉਹਨਾਂ ਦੀ ਚੇਤਨ ਨਾਲ ਬਹਿਸ ਵੀ ਹੋਈ। ਮੈਂ ਸਿੱਧੂ ਨੂੰ ਵਾਲ ਕੱਟਣ ਲਈ ਕਿਹਾ ਪਰ ਉਹਨਾਂ ਨੇ ਇਨਕਾਰ ਕਰਦੇ ਹੋਏ ਕਿਹਾ- ਭਾਜੀ ਮੈਂ ਸਰਦਾਰ ਪੈਦਾ ਹੋਇਆ ਅਤੇ ਮਰਾਂਗਾ ਵੀ ਸਰਦਾਰ ਹੀ’।
Chetan Chauhan
ਟਰੇਨ ਦੇ ਹੀ ਦੂਜੇ ਕੰਪਾਰਟਮੈਂਟ ਵਿਚ ਮੌਜੂਦ ਕ੍ਰਿਕਟਰ ਗੁਰਸ਼ਰਨ ਸਿੰਘ ਨੇ ਵੀ ਘਟਨਾ ਨੂੰ ਯਾਦ ਕਰਦਿਆਂ ਦੱਸਿਆ, ‘ਜੇਕਰ ਚੇਤਨ ਚੌਹਾਨ ਨਹੀਂ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਕ ਵੀ ਸਰਦਾਰ ਖਿਡਾਰੀ ਬਚਦਾ। ਮੈਂ ਅਤੇ ਰਜਿੰਦਰ ਹੰਸ ਦੂਜੇ ਡੱਬੇ ਵਿਚ ਸੀ। ਜਦੋਂ ਸਾਨੂੰ ਘਟਨਾ ਬਾਰੇ ਪਤਾ ਚੱਲਿਆ ਤਾਂ ਕਾਫ਼ੀ ਡਰ ਗਏ ਪਰ ਚੇਤਨ ਸਾਡੇ ਕੋਲ ਆਏ ਅਤੇ ਯਕੀਨ ਦਿਵਾਇਆ ਕਿ ਅਸੀਂ ਬਿਲਕੁਲ ਸੁਰੱਖਿਅਤ ਰਹਾਂਗੇ ਅਤੇ ਕੁਝ ਨਹੀਂ ਹੋਵੇਗਾ’।
ਜ਼ਿਕਰਯੋਗ ਹੈ ਕਿ 16 ਅਗਸਤ ਨੂੰ ਭਾਰਤੀ ਟੈਸਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਉੱਤਰ ਪ੍ਰਦੇਸ਼ ਦੇ ਸਿਪਾਹੀ ਭਲਾਈ, ਹੋਮ ਗਾਰਡ, ਪੀਆਰਡੀ ਅਤੇ ਨਾਗਰਿਕ ਸੁਰੱਖਿਆ ਮੰਤਰੀ ਚੇਤਨ ਚੌਹਾਨ ਦਾ ਦਿਹਾਂਤ ਹੋ ਗਿਆ ਹੈ। ਚੇਤਨ ਚੌਹਾਨ ਦੀ ਵਿਗੜਦੀ ਸਿਹਤ ਤੋਂ ਬਾਅਦ ਉਹਨਾਂ ਨੂੰ ਸ਼ੁੱਕਰਵਾਰ ਨੂੰ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦੀ ਮੌਤ ਤੋਂ ਬਾਅਦ ਕ੍ਰਿਕਟ ਜਗਤ ਵਿਚ ਸੋਗ ਦੀ ਲਹਿਰ ਹੈ।