
ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਮੇਜ਼ਬਾਨ ਆਸਟਰੇਲੀਆ ਦੀ ਇਸ ਗੱਲ ਉਤੇ ਗੁੱਸਾ ਕੀਤਾ....
ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਮੇਜ਼ਬਾਨ ਆਸਟਰੇਲੀਆ ਦੀ ਇਸ ਗੱਲ ਉਤੇ ਗੁੱਸਾ ਕੀਤਾ ਕਿ ਬੋਰਡ ਨੇ ਭਾਰਤੀ ਟੀਮ ਦੇ ਇਤਿਹਾਸਕ ਸੀਰੀਜ਼ ਜਿੱਤਣ ਤੋਂ ਬਾਅਦ ਕੋਈ ਨਕਦ ਇਨਾਮ ਦੀ ਘੋਸ਼ਣਾ ਨਹੀਂ ਕੀਤੀ। ਭਾਰਤ ਨੇ ਆਸਟਰੇਲੀਆ ਵਿਚ ਉਸ ਨੂੰ ਪਹਿਲੀ ਵਾਰ ਵਨਡੇ ਸੀਰੀਜ਼ ਵਿਚ 2-1 ਨਾਲ ਹਰਾਇਆ। ਮੈਨ ਆਫ਼ ਦ ਮੈਚ ਯੁਜਵਿੰਦਰ ਚਹਿਲ ਅਤੇ ਮੈਨ ਆਫ ਦ ਸੀਰੀਜ਼ ਮਹਿੰਦਰ ਸਿੰਘ ਧੋਨੀ ਨੂੰ ਮੈਚ ਤੋਂ ਬਾਅਦ 500-500 ਡਾਲਰ (ਲਗਭਗ 35-35 ਹਜ਼ਾਰ ਰੁਪਏ) ਦਿਤੇ ਗਏ। ਖਿਡਾਰੀਆਂ ਨੇ ਇਹ ਇਨਾਮੀ ਰਾਸ਼ੀ ਦਾਨ ਵਿਚ ਦੇ ਦਿਤੀ।
MS Dhoni
ਟੀਮ ਨੂੰ ਸਾਬਕਾ ਬੱਲੇਬਾਜ਼ ਏਡਮ ਗਿਲਕ੍ਰਿਸਟ ਨੇ ਸਿਰਫ਼ ਜੇਤੂ ਟਰਾਫੀ ਦਿਤੀ। ਗਾਵਸਕਰ ਨੇ ਮੇਜ਼ਬਾਨ ਆਸਟਰੇਲੀਆ ਦੀ ਆਲੋਚਨਾ ਕੀਤੀ ਕਿ ਉਨ੍ਹਾਂ ਨੂੰ ਕੋਈ ਨਕਦ ਇਨਾਮ ਨਹੀਂ ਦਿਤਾ ਗਿਆ। ਗਾਵਸਕਰ ਨੇ ਕਿਹਾ, ‘500 ਡਾਲਰ ਕੀ ਹਨ ?, ਇਹ ਸ਼ਰਮਨਾਕ ਹੈ ਕਿ ਟੀਮ ਨੂੰ ਸਿਰਫ਼ ਇਕ ਟਰਾਫੀ ਮਿਲੀ। ਉਹ ਖਿਡਾਰੀਆਂ ਨੂੰ ਚੰਗੀ ਇਨਾਮੀ ਰਾਸ਼ੀ ਕਿਉਂ ਨਹੀਂ ਦੇ ਸਕਦੇ ? ਆਖ਼ਿਰਕਾਰ ਖਿਡਾਰੀ ਹੀ ਖੇਡ ਨੂੰ ਇੰਨੀ ਰਾਸ਼ੀ ਦਿੰਦੇ ਹਨ।’ ਗਾਵਸਕਰ ਨੇ ਕਿਹਾ, ‘ਵਿੰਬਲਡਨ ਚੈਂਪੀਅਨਸ਼ਿਪ ਵਿਚ ਦਿਤੀ ਜਾਣ ਵਾਲੀ ਰਾਸ਼ੀ ਨੂੰ ਦੇਖੋ।’
Yuzvendra Chahal
ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਯੁਜਵਿੰਦਰ ਚਹਿਲ ਦੀ ਫਿਰਕੀ ਦੇ ਕਮਾਲ ਤੋਂ ਬਾਅਦ ‘ਮੈਚ ਫਿਨੀਸ਼ਰ’ ਮਹਿੰਦਰ ਸਿੰਘ ਧੋਨੀ ਅਤੇ ਕੇਦਾਰ ਜਾਧਵ ਦਰਮਿਆਨ ਚੌਥੇ ਵਿਕੇਟ ਲਈ ਅਜੇਤੂ 121 ਦੌੜਾਂ ਦੀ ਭਾਗੀਦਾਰੀ ਨਾਲ ਸ਼ੁੱਕਰਵਾਰ ਨੂੰ ਤੀਸਰੇ ਅਤੇ ਆਖਰੀ ਵਨਡੇ ਮੈਚ ਵਿਚ ਆਸਟਰੇਲੀਆ ਨੂੰ ਸੱਤ ਵਿਕੇਟ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨੂੰ ਅਪਣੇ ਨਾਮ ਕੀਤੀ। ਟੈਸਟ ਮੈਚਾਂ ਦੀ ਸੀਰੀਜ਼ ਜਿੱਤ ਕੇ ਇਤਹਾਸ ਰਚਣ ਵਾਲੀ ਭਾਰਤੀ ਟੀਮ ਨੇ ਵਨਡੇ ਸੀਰੀਜ਼ ਵਿਚ ਵੀ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਟੀ20 ਅੰਤਰਰਾਸ਼ਟਰੀ ਸੀਰੀਜ਼ 1-1 ਨਾਲ ਬਰਾਬਰ ਰਹੀ ਸੀ।