
ਖਾਲੀ ਸਟੇਡੀਅਮ ’ਚ ਖੇਡਿਆ ਗਿਆ ਮੈਚ
ਤਹਿਰਾਨ: ਭਾਰਤੀ ਕਲੱਬ ਐਫ.ਸੀ. ਗੋਆ ਦੀ ਸ਼ਿਕਾਇਤ ਕਾਰਨ ਈਰਾਨ ਦੇ ਫੁਟਬਾਲ ਪ੍ਰਸ਼ੰਸਕ ਇੱਥੇ ਖੇਡੇ ਗਏ ਏਸ਼ੀਅਨ ਚੈਂਪੀਅਨਜ਼ ਲੀਗ (ਏ.ਸੀ.ਐਲ.) ਦੇ ਮੈਚ ’ਚ ਮਸ਼ਹੂਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੂੰ ਅਪਣੀਆਂ ਅੱਖਾਂ ਸਾਹਮਣੇ ਖੇਡਦੇ ਹੋਏ ਵੇਖਣ ਤੋਂ ਵਾਂਝੇ ਰਹਿ ਗਏ।
ਇਹ ਮੈਚ ਖਾਲੀ ਸਟੇਡੀਅਮ ’ਚ ਖੇਡਿਆ ਗਿਆ ਜਿਸ ’ਚ ਰੋਨਾਲਡੋ ਕੋਈ ਗੋਲ ਨਹੀਂ ਕਰ ਸਕਿਆ ਪਰ ਇਸ ਦੇ ਬਾਵਜੂਦ ਸਾਊਦੀ ਅਰਬ ਦੇ ਉਸ ਦੇ ਕਲੱਬ ਅਲ ਨਾਸਰ ਨੇ ਈਰਾਨ ਦੇ ਕਲੱਬ ਪਰਸੇਪੋਲਿਸ ਨੂੰ 2-0 ਨਾਲ ਹਰਾ ਕੇ ਅਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ।
ਭਾਰਤੀ ਕਲੱਬ ਐਫ.ਸੀ. ਗੋਆ ਨੇ 2021 ’ਚ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟਾਂ ਲਈ ਪਰਸੇਪੋਲਿਸ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ’ਤੇ ਕਾਰਵਾਈ ਕਰਦਿਆਂ ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ ਨੇ ਈਰਾਨੀ ਕਲੱਬ ਨੂੰ ਇਕ ਮੈਚ ਦਰਸ਼ਕਾਂ ਤੋਂ ਬਗ਼ੈਰ ਖੇਡਣ ਦਾ ਹੁਕਮ ਦਿਤਾ ਸੀ। ਇਹੀ ਕਾਰਨ ਸੀ ਕਿ ਰੋਨਾਲਡੋ ਵਰਗੇ ਖਿਡਾਰੀਆਂ ਅਤੇ ਸਾਦੀਓ ਮਾਨੇ ਅਤੇ ਮਾਰਸੇਲੋ ਬ੍ਰੋਜ਼ੋਵਿਕ ਵਰਗੇ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਅਜ਼ਾਦੀ ਸਟੇਡੀਅਮ ਖਾਲੀ ਪਿਆ ਰਿਹਾ।
ਹਾਲਾਂਕਿ ਅਲ ਨਾਸਰ ਲਈ ਦੋਵੇਂ ਗੋਲ ਸਾਊਦੀ ਅਰਬ ਦੇ ਖਿਡਾਰੀਆਂ ਨੇ ਕੀਤੇ। ਅਬਦੁਲ ਰਹਿਮਾਨ ਗਰੀਬ ਨੇ 60ਵੇਂ ਮਿੰਟ ’ਚ ਪਹਿਲਾ ਗੋਲ ਕੀਤਾ ਜਦਕਿ ਡਿਫੈਂਡਰ ਮੁਹੰਮਦ ਕਾਸਿਮ ਨੇ 12 ਮਿੰਟ ਬਾਅਦ ਸਕੋਰ 2-0 ਕਰ ਦਿਤਾ।
ਫੁੱਟਬਾਲ ਪ੍ਰੇਮੀ ਰੋਨਾਲਡੋ ਨੂੰ ਖੇਡਦੇ ਤਾਂ ਨਹੀਂ ਵੇਖ ਸਕੇ ਪਰ ਪੁਰਤਗਾਲ ਦੇ ਇਸ ਸਟਾਰ ਖਿਡਾਰੀ ਦੀ ਮੌਜੂਦਗੀ ਨੂੰ ਵੇਖ ਕੇ ਰੋਮਾਂਚਿਤ ਹੋ ਗਏ। ਸੈਂਕੜੇ ਫੁੱਟਬਾਲ ਪ੍ਰਸ਼ੰਸਕ ਸੋਮਵਾਰ ਨੂੰ ਅਲ ਨਾਸਰ ਦੇ ਟੀਮ ਹੋਟਲ ਦੇ ਬਾਹਰ ਉਸ ਦੀ ਇਕ ਝਲਕ ਪਾਉਣ ਲਈ ਇਕੱਠੇ ਹੋਏ। 2015 ਤੋਂ ਬਾਅਦ ਸਾਊਦੀ ਅਰਬ ਦੀ ਟੀਮ ਦਾ ਈਰਾਨ ਦਾ ਇਹ ਪਹਿਲਾ ਦੌਰਾ ਸੀ।
ਇਸ ਜਿੱਤ ਨਾਲ ਅਲ ਨਾਸਰ ਗਰੁੱਪ ਈ ’ਚ ਸਿਖਰ ’ਤੇ ਪਹੁੰਚ ਗਿਆ ਹੈ। ਗਰੁੱਪ ਦੇ ਇਕ ਹੋਰ ਮੈਚ ’ਚ ਕਤਰ ਦੇ ਅਲ-ਦੁਹੇਲ ਅਤੇ ਤਜ਼ਾਕਿਸਤਾਨ ਦੇ ਇਸਟਿਕਲੋਲ ਨੇ ਗੋਲ ਰਹਿਤ ਡਰਾਅ ਖੇਡਿਆ।
ਹੋਰ ਮੈਚਾਂ ’ਚ ਦਖਣੀ ਕੋਰੀਆ ਦੀ ਟੀਮ ਇੰਚੀਓਨ ਯੂਨਾਈਟਿਡ ਨੇ ਜਾਪਾਨੀ ਚੈਂਪੀਅਨ ਯੋਕੋਹਾਮਾ ਐਫ ਮਾਰਿਨੋਸ ਨੂੰ 4-2 ਨਾਲ ਹਰਾਇਆ। ਸਟਾਰ ਫਾਰਵਰਡ ਨੇਮਾਰ ਦੀ ਮੌਜੂਦਗੀ ਦੇ ਬਾਵਜੂਦ, ਉਜ਼ਬੇਕਿਸਤਾਨੀ ਕਲੱਬ ਨਵਬਾਹੋਰ ਨੇ ਅਲ ਹਿਲਾਲ ਨੂੰ 1-1 ਨਾਲ ਡਰਾਅ ’ਤੇ ਰਖਿਆ। ਸਾਊਦੀ ਅਰਬ ਦੇ ਚੈਂਪੀਅਨ ਅਲ ਇਤਿਹਾਦ ਨੇ ਸਟਾਰ ਸਟ੍ਰਾਈਕਰ ਕਰੀਮ ਬੇਂਜੇਮਾ ਦੇ ਬਿਨਾਂ ਵੀ ਉਜ਼ਬੇਕਿਸਤਾਨ ਦੇ ਏ.ਜੀ.ਐਮ.ਕੇ. ਨੂੰ 3-0 ਨਾਲ ਹਰਾਇਆ।