
ਸ਼ਿਕਾਗੋ 'ਚ ਹਾਲੋਵੀਨ ਦੇ ਜਸ਼ਨਾਂ ਦੌਰਾਨ ਗੋਲੀਬਾਰੀ
ਸ਼ਿਕਾਗੋ - ਪੁਲਿਸ ਨੇ ਜਾਣਕਾਰੀ ਦਿੱਤੀ ਕਿ ਹਾਲੋਵੀਨ ਦੀ ਰਾਤ ਨੂੰ ਸ਼ਹਿਰ ਦੇ ਗਾਰਫ਼ੀਲਡ ਪਾਰਕ ਇਲਾਕੇ ਵਿੱਚ ਗੋਲੀਬਾਰੀ ਹੋਈ, ਜਿਸ ਦੌਰਾਨ ਤਿੰਨ ਬੱਚਿਆਂ ਸਮੇਤ 14 ਲੋਕ ਜ਼ਖ਼ਮੀ ਹੋ ਗਏ। ਸ਼ਿਕਾਗੋ ਦੇ ਪੁਲਿਸ ਸੁਪਰਡੈਂਟ ਡੇਵਿਡ ਬ੍ਰਾਊਨ ਦੇ ਦੱਸਣ ਮੁਤਾਬਿਕ ਪੀੜਤਾਂ ਵਿੱਚ ਤਿੰਨ ਨਾਬਾਲਗ ਪੀੜਤ ਸਨ- ਇੱਕ 3 ਸਾਲ ਦਾ, ਇੱਕ 11 ਸਾਲ ਦਾ ਅਤੇ ਇੱਕ ਕਿਸ਼ੋਰ ਜੋ ਤਕਰੀਬਨ 13 ਸਾਲ ਦਾ ਹੈ। ਬਾਕੀ ਸਾਰੇ ਪੀੜਤ ਬਾਲਗ ਸਨ ਜਿਨ੍ਹਾਂ ਦੀ ਉਮਰ 30 ਤੋਂ 50 ਦੇ ਵਿਚਕਾਰ ਸੀ। ਇਸ ਤੋਂ ਇਲਾਵਾ, ਇੱਕ ਵਿਅਕਤੀ ਕਾਰ ਵੱਲੋਂ ਮਾਰੀ ਟੱਕਰ ਨਾਲ ਵੀ ਜ਼ਖ਼ਮੀ ਹੋਇਆ।
ਸ਼ਿਕਾਗੋ ਫ਼ਾਇਰ ਡਿਪਾਰਟਮੈਂਟ ਨੇ ਕਿਹਾ ਕਿ ਉਸ ਨੇ ਘਟਨਾ ਵਾਲੀ ਥਾਂ 'ਤੇ ਘੱਟੋ-ਘੱਟ 10 ਐਂਬੂਲੈਂਸਾਂ ਭੇਜੀਆਂ ਹਨ। ਕਿਹਾ ਗਿਆ ਹੈ ਕਿ ਗੋਲੀਬਾਰੀ ਰਾਤ 9:30 ਵਜੇ ਦੇ ਕਰੀਬ ਹੋਈ, ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੋਲੋਂ ਲੰਘਣ ਵਾਲੇ ਕਿਸੇ ਵਿਅਕਤੀ ਵੱਲੋਂ ਕੀਤੀ ਗਈ। ਇਸ ਬਾਰੇ 'ਚ ਇੱਕ ਪੀਓਡੀ ਵੀਡੀਓ ਪੁਲਿਸ ਦੇ ਹੱਥ ਲੱਗਿਆ ਹੈ, ਜਿਸ ਦੀ ਪੁਲਿਸ ਸਮੀਖਿਆ ਕਰ ਰਹੀ ਹੈ।
ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਵੀਡੀਓ 'ਚ ਘੱਟੋ-ਘੱਟ ਦੋ ਨਿਸ਼ਾਨੇਬਾਜ਼ ਦੇਖੇ ਗਏ ਸਨ, ਹਾਲਾਂਕਿ ਇਹ ਗਿਣਤੀ ਬਦਲ ਸਕਦੀ ਹੈ। ਉਹ ਭੀੜ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਦਿਖਾਈ ਦਿੱਤੇ।
ਪੀੜਤਾਂ ਨੂੰ ਕਈ ਵੱਖੋ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ, ਅਤੇ ਪਤਾ ਲੱਗਿਆ ਹੈ ਕਿ ਉਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਪ੍ਰਾਪਤ ਨਹੀਂ ਹੋਈ। ਹੁਣ ਤੱਕ ਗੋਲੀਬਾਰੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ। ਪੁਲਿਸ ਪੀੜਤਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਡੀਕ ਕਰ ਰਹੀ ਹੈ, ਤਾਂ ਜੋ ਉਹ ਉਨ੍ਹਾਂ ਨਾਲ ਗੱਲਬਾਤ ਕਰ ਸਕਣ ਅਤੇ ਘਟਨਾ ਬਾਰੇ ਜਾਣਕਾਰੀ ਲੈ ਸਕਣ।