
ਸਕੂਲ 'ਚ ਹਫੜਾ-ਦਫੜੀ ਮਚ ਗਈ ਅਤੇ ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ।
ਸੇਂਟ ਲੁਈਸ - ਅਮਰੀਕਾ ਦੇ ਸੇਂਟ ਲੁਈਸ ਵਿੱਚ ਇੱਕ ਬੰਦੂਕਧਾਰੀ ਨੇ ਇੱਕ ਹਾਈ ਸਕੂਲ ਵਿੱਚ ਦਾਖਲ ਹੋ ਕੇ ਇੱਕ ਅਧਿਆਪਕ ਅਤੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ 'ਚ ਛੇ ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਉਹ ਖ਼ੁਦ ਵੀ ਪੁਲਿਸ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ। ਇਹ ਹਮਲਾ 'ਸੈਂਟਰਲ ਵਿਜ਼ੂਅਲ ਐਂਡ ਪਰਫ਼ਾਰਮਿੰਗ ਆਰਟਸ ਹਾਈ ਸਕੂਲ' 'ਚ ਸੋਮਵਾਰ ਦੀ ਸਵੇਰ 9 ਵਜੇ ਤੋਂ ਕੁਝ ਸਮਾਂ ਪਹਿਲਾਂ ਹੋਇਆ। ਇਸ ਦੌਰਾਨ ਸਕੂਲ 'ਚ ਹਫੜਾ-ਦਫੜੀ ਮਚ ਗਈ ਅਤੇ ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ।
ਹਮਲੇ ਤੋਂ ਭੈਅ 'ਚ ਆਈ ਇੱਕ ਲੜਕੀ ਨੇ ਦੱਸਿਆ ਕਿ ਹਮਲਾਵਰ ਉਸ ਦੇ ਬਿਲਕੁਲ ਸਾਹਮਣੇ ਆ ਗਿਆ ਸੀ, ਪਰ ਇਸ ਦੌਰਾਨ ਉਸ ਦੀ ਪਿਸਤੌਲ ਜਾਮ ਹੋ ਗਈ ਅਤੇ ਉਸ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਮੁਖੀ ਮਾਈਕਲ ਸੈਕ ਨੇ ਦੱਸਿਆ ਕਿ ਹਮਲਾਵਰ ਦੀ ਉਮਰ ਕਰੀਬ 20 ਸਾਲ ਹੈ। ਹਾਲਾਂਕਿ ਉਸ ਦੀ ਪਛਾਣ ਨਹੀਂ ਹੋ ਸਕੀ ਅਤੇ ਨਾ ਹੀ ਹਾਲੇ ਤੱਕ ਹਮਲੇ ਦੇ ਸੰਭਾਵਿਤ ਕਾਰਨਾਂ ਦਾ ਪਤਾ ਲੱਗ ਸਕਿਆ ਹੈ।
ਅਧਿਕਾਰੀਆਂ ਨੇ ਪੀੜਤਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ, ਪਰ 'ਸੇਂਟ ਲੁਈਸ ਪੋਸਟ-ਡਿਸਪੈਚ' ਅਖਬਾਰ ਨੇ ਦੱਸਿਆ ਕਿ ਮ੍ਰਿਤਕ ਅਧਿਆਪਕ ਦੀ ਪਛਾਣ ਜਿਆਂ ਕੁਵਜ਼ਕਾ ਵਜੋਂ ਹੋਈ ਹੈ। ਕੁਵਜ਼ਕਾ ਦੀ ਧੀ ਏਬੇ ਕੁਜ਼ਕਾ ਨੇ ਕਿਹਾ ਕਿ ਉਸ ਦੀ ਮਾਂ ਬੰਦੂਕਧਾਰੀ ਵੱਲੋਂ ਕਲਾਸਰੂਮ ਵਿੱਚ ਕੀਤੀ ਗੋਲੀਬਾਰੀ ਦੌਰਾਨ ਮਾਰੀ ਗਈ ਸੀ। ਪਤਾ ਲੱਗਿਆ ਹੈ ਉਸ ਦੀ ਮਾਂ ਆਪਣੇ ਵਿਦਿਆਰਥੀਆਂ ਦੀ ਜਾਨ ਬਚਾਉਣ ਲਈ ਬੰਦੂਕਧਾਰੀ ਅਤੇ ਵਿਦਿਆਰਥੀਆਂ ਵਿਚਕਾਰ ਖੜ੍ਹ ਗਈ ਸੀ।