
ਬ੍ਰਿਟਿਸ਼ ਸਰਕਾਰ ਨੇ ਨਵੇਂ ਹਥਿਆਰ ਬਿੱਲ ਵਿੱਚ ਸੋਧ ਕਰ ਸਿੱਖਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕਿਰਪਾਨ ਰੱਖਣ ਦੀ ....
ਨਵੀਂ ਦਿੱਲੀ (ਭਾਸ਼ਾ) : ਬ੍ਰਿਟਿਸ਼ ਸਰਕਾਰ ਨੇ ਨਵੇਂ ਹਥਿਆਰ ਬਿੱਲ ਵਿੱਚ ਸੋਧ ਕਰ ਸਿੱਖਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕਿਰਪਾਨ ਰੱਖਣ ਦੀ ਮਨਜ਼ੂਰੀ ਦੇਣ ਲਈ ਰਾਜ਼ੀ ਹੋ ਗਈ ਹੈ। ਬ੍ਰਿਟਿਸ਼ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਿੱਖਾਂ ਨੂੰ ਕਿਰਪਾਨ ਰੱਖਣ ਤੋਂ ਨਹੀਂ ਰੋਕਿਆ ਜਾਵੇਗਾ। ਬ੍ਰਿਟਿਸ਼ ਸਰਕਾਰ ਵੱਲੋਂ ਪਾਸ ਕੀਤੇ ਗਏ ਇਸ ਨਵੇਂ ਬਿੱਲ ਨਾਲ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ। ਸੰਸਦ ਦੇ ਹੇਠਲੇ ਸਦਨ 'ਹਾਊਸ ਆਫ ਕਾਮਨਜ਼' ਪਿੱਛੋਂ 'ਦ ਓਫੈਂਸਿਵ ਵੈਪਨਸ ਬਿੱਲ 2018' ਨੂੰ ਪਾਸ ਕਰਨ ਲਈ ਉੱਚ ਸਦਨ 'ਹਾਊਸ ਆਫ ਲਾਰਡਸ' ਵਿਚ ਭੇਜਿਆ ਗਿਆ ਹੈ।
ਸਿੱਖ ਸ਼ਰਧਾਲੂ
ਇਸ ਬਿੱਲ ਤਹਿਤ ਜਨਤਕ ਥਾਵਾਂ 'ਤੇ ਖ਼ਾਸ ਤਰ੍ਹਾਂ ਦੇ ਹਥਿਆਰਾਂ 'ਤੇ ਪਾਬੰਦੀ ਲਗਾਈ ਗਈ ਹੈ। ਮਾਰੂ ਹਥਿਆਰ ਬਿੱਲ 2018 ਦੀ ਮਾਰ ਹੇਠ ਕਿਰਪਾਨ ਤੇ ਤੇਜ਼ਾਬ ਵਰਗੀਆਂ ਚੀਜ਼ਾਂ ਵੀ ਸਨ, ਪਰ ਹੁਣ ਬਰਤਾਨੀਆ ਸਰਕਾਰ ਇਸ ਬਿੱਲ ਵਿੱਚ ਸੋਧ ਕਰਨ ਲਈ ਰਾਜ਼ੀ ਹੋ ਗਈ ਹੈ। ਬਿੱਲ 'ਚ ਕਿਰਪਾਨ ਨੂੰ ਸ਼ਾਮਲ ਨਾ ਕਰਨ ਲਈ ਬ੍ਰਿਟਿਸ਼ ਸਿੱਖਾਂ ਦੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਪ੍ਰਤੀਨਿਧੀ ਮੰਡਲ ਨੇ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਸੀ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਿੱਖ ਭਾਈਚਾਰੇ ਨਾਲ ਗੱਲਬਾਤ ਪਿੱਛੋਂ ਬਿੱਲ ਵਿਚ ਸੋਧ ਕੀਤੀ ਗਈ ਹੈ। ਉਨ੍ਹਾਂ ਨੂੰ ਧਾਰਮਿਕ ਕਾਰਨਾਂ ਕਰਕੇ ਕਿਰਪਾਨ ਅਤੇ ਤਲਵਾਰ ਰੱਖਣ ਤੋਂ ਨਹੀਂ ਰੋਕਿਆ ਜਾਵੇਗਾ।