
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਇਹ ਜੰਗ ਅੱਜ ਸੱਤਵੇਂ ਦਿਨ ਵਿਚ ਪਹੁੰਚ ਗਈ ਹੈ।
ਮਾਸਕੋ: ਯੂਕਰੇਨ ਅਤੇ ਰੂਸ ਵਿਚਾਲੇ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਇਹ ਜੰਗ ਅੱਜ ਸੱਤਵੇਂ ਦਿਨ ਵਿਚ ਪਹੁੰਚ ਗਈ ਹੈ। ਇਸ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਜੇਕਰ ਤੀਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਪ੍ਰਮਾਣੂ ਹਥਿਆਰ ਵੀ ਇਸ ਵਿਚ ਸ਼ਾਮਲ ਹੋਣਗੇ ਅਤੇ ਇਹ ਵਿਨਾਸ਼ਕਾਰੀ ਹੋਵੇਗਾ। ਰੂਸ ਦੇ ਸਰਕਾਰੀ ਮੀਡੀਆ ਸਪੁਤਨਿਕ ਨੇ ਇਹ ਜਾਣਕਾਰੀ ਦਿੱਤੀ।
Russian Foreign Minister says World War III would be nuclear and destructive
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਰੂਸ ਯੂਕਰੇਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਯੂਕਰੇਨ ਨਾਲ ਗੱਲਬਾਤ ਦੇ ਮੁੱਦੇ 'ਤੇ ਲਾਵਰੋਵ ਨੇ ਕਿਹਾ ਕਿ ਰੂਸ ਯੂਕਰੇਨ ਨਾਲ ਦੂਜੇ ਦੌਰ ਦੀ ਗੱਲਬਾਤ ਲਈ ਤਿਆਰ ਹੈ ਪਰ ਯੂਕਰੇਨ ਅਮਰੀਕਾ ਦੇ ਇਸ਼ਾਰੇ 'ਤੇ ਚੱਲ ਰਿਹਾ ਹੈ।
ਇਕ ਦਿਨ ਪਹਿਲਾਂ ਲਾਵਰੋਵ ਨੇ ਕਿਹਾ ਸੀ ਕਿ ਯੂਕਰੇਨ ਪ੍ਰਮਾਣੂ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਇਕ ਵੱਡਾ ਖ਼ਤਰਾ ਹੈ ਅਤੇ ਇਸ ਨੂੰ ਰੋਕਣ ਦੀ ਲੋੜ ਹੈ। ਉਹਨਾਂ ਕਿਹਾ, ''ਯੂਕਰੇਨ ਕੋਲ ਅਜੇ ਵੀ ਸੋਵੀਅਤ ਪਰਮਾਣੂ ਤਕਨੀਕ ਹੈ। ਇਸ ਲਈ ਰੂਸ ਨੂੰ ਇਸ ਖਤਰੇ ਦਾ ਸਫਲਤਾਪੂਰਵਕ ਜਵਾਬ ਦੇਣਾ ਹੋਵੇਗਾ। ਉਹਨਾਂ ਚੇਤਾਵਨੀ ਦਿੱਤੀ ਕਿ ਪੱਛਮੀ ਦੇਸ਼ਾਂ ਨੂੰ ਸਾਬਕਾ ਸੋਵੀਅਤ ਸੰਘ ਦੇ ਦੇਸ਼ਾਂ ਵਿਚ ਫੌਜੀ ਅੱਡੇ ਨਹੀਂ ਬਣਾਉਣੇ ਚਾਹੀਦੇ।
ਹਾਲ ਹੀ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਪ੍ਰਮਾਣੂ ਬਲਾਂ ਨੂੰ ਵਿਸ਼ੇਸ਼ ਅਲਰਟ 'ਤੇ ਰੱਖਣ ਦਾ ਹੁਕਮ ਦਿੱਤਾ ਹੈ। ਅਮਰੀਕਾ ਸਮੇਤ ਕਈ ਦੇਸ਼ਾਂ ਨੇ ਇਸ ਦੀ ਆਲੋਚਨਾ ਕੀਤੀ ਸੀ। ਯੂਕਰੇਨ 'ਤੇ ਫੌਜੀ ਕਾਰਵਾਈ ਸ਼ੁਰੂ ਕਰਦੇ ਹੋਏ ਪੁਤਿਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵਿਦੇਸ਼ੀ ਦੇਸ਼ ਨੇ ਯੂਕਰੇਨ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕੀਤੀ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।