
ਹਾਦਸੇ ਵਿਚ ਅੱਗ ਵਿਚ ਸੜ ਕੇ ਮਾਰੇ ਗਏ ਸਨ 34 ਲੋਕ
ਲਾਸ ਏਂਜਲਸ, 2 ਦਸੰਬਰ : ਕੈਲੀਫ਼ੋਰਨੀਆਂ ਦੇ ਸਮੁੰਦਰੀ ਕੰਢੇ 'ਤੇ ਇਕ ਸਕੂਬਾ ਡਾਈਵਿੰਗ ਕਿਸ਼ਤੀ ਵਿਚ ਅੱਗ ਲੱਗਣ ਅਤੇ ਉਸ ਦੇ ਡੁੱਬਣ ਦੇ ਮਾਮਲੇ ਵਿਚ ਕਿਸ਼ਤੀ ਦੇ ਕਪਤਾਨ ਨੂੰ ਮੰਗਲਵਾਰ ਨੂੰ ਦੋਸ਼ੀ ਠਹਿਰਾਇਆ ਗਿਆ। ਘਟਨਾ ਵਿਚ ਕਿਸ਼ਤੀ ਦੇ ਡੈਕ ਦੇ ਹੇਠਾਂ ਇਕ ਕਮਰੇ ਵਿਚ ਫਸਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਵਿਚ ਹੁਣ ਤਕ ਦੇ ਸੱਭ ਤੋਂ ਭਿਆਨਕ ਸਮੁੰਦਰੀ ਹਾਦਸੇ ਵਿਚ ਸ਼ਾਮਲ ਇਸ ਘਟਨਾ ਲਈ ਜ਼ਿੰਮੇਵਾਰ ਰਹੇ ਜੇਰੀ ਬੋਏਲਾਨ (67) 'ਤੇ ਮਨੁੱਖੀ ਕਤਲ, ਲਾਪਰਵਾਹੀ ਵਰਤਣ ਅਤੇ ਜ਼ਿੰਮੇਵਾਰੀ ਦਾ ਪਾਲਣ ਨਹੀਂ ਕਰਨ ਦੇ ਦੋਸ਼ ਹਨ। ਦੋਸ਼ ਵਿਚ ਕਿਹਾ ਗਿਆ ਹੈ ਕਿ ਉਹ ਅਪਣੇ ਚਾਲਕ ਦਲ ਦੇ ਮੈਂਬਰਾਂ ਨੂੰ ਸਿਖਿਅਤ ਕਰਨ ਅਤੇ ਉਨ੍ਹਾਂ ਨੂੰ ਅੱਗ ਬੁਝਾਉਣ ਦੀ ਸਿਖਿਆ ਦਿਵਾਉਥ ਵਿਚ ਅਸਫ਼ਲ ਰਹੇ ਸਨ। ਘਟਨਾ ਦੋ ਦਸੰਬਰ 2019 ਦੀ ਹੈ।
ਅਮਰੀਕੀ ਅਟਾਰਨੀ ਨਿਕ ਹੰਨਾ ਨੇ ਇਕ ਬਿਆਨ ਵਿਚ ਕਿਹਾ,''ਕਪਤਾਨ ਬੋਏਲਾਨ ਦੀ ਕਥਿਤ ਨਾਕਾਤੀ ਕਾਰਨ ਛੁੱਟੀ ਦੇ ਇਰਾਦੇ ਨਾਲ ਕੀਤੀ ਗਈ ਇਕ ਸਕੂਨ ਭਰੀ ਯਾਤਰਾ ਮਾਤਮ ਵਿਚ ਬਦਲ ਗਈ। ਕਿਸ਼ਤੀ ਦੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਅੱਗ ਲੱਗਣ ਕਾਰਨ ਅਜਿਹੀ ਥਾਂ ਫਸ ਗਏ ਜਿਥੋਂ ਬਚ ਕੇ ਨਿਕਲਨਾ ਮੁਸ਼ਕਲ ਸੀ।'' ਕਿਸ਼ਤੀ ਦੇ ਕਮਰੇ ਵਿਚ ਮੌਜੂਦ 33 ਯਾਤਰੀਆਂ ਅਤੇ ਚਾਲਕ ਦਲ ਦੇ ਇਕ ਮੈਂਬਰ ਦੀ ਅੱਗ ਨਾਲ ਸੜ ਕੇ ਮੌਤ ਹੋ ਗਈ ਸੀ। ਇਨ੍ਹਾਂ ਦੋਸ਼ਾਂ ਲਈ ਬੋਏਲਾਨ ਨੂੰ 10-10 ਸਾਲ ਜੇਲ ਦੀ ਸਜ਼ਾ ਹੋ ਸਕਦੀ ਹੈ। (ਪੀਟੀਆਈ)