
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦਿਨ ਦਾ ਵਿਦੇਸ਼ੀ ਦੌਰਾ ਪੂਰਾ ਕਰ ਕੇ ਭਾਰਤੀ ਲਈ ਰਵਾਨਾ ਹੋ ਗਏ। ਸਨਿਚਰਵਾਰ ਨੂੰ ਮੋਦੀ ਨੇ ਸਿੰਗਾਪੁਰ 'ਚ ਅਮਰੀਕਾ ਦੇ ...
ਸਿੰਗਾਪੁਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦਿਨ ਦਾ ਵਿਦੇਸ਼ੀ ਦੌਰਾ ਪੂਰਾ ਕਰ ਕੇ ਭਾਰਤੀ ਲਈ ਰਵਾਨਾ ਹੋ ਗਏ। ਸਨਿਚਰਵਾਰ ਨੂੰ ਮੋਦੀ ਨੇ ਸਿੰਗਾਪੁਰ 'ਚ ਅਮਰੀਕਾ ਦੇ ਰਖਿਆ ਮੰਤਰੀ ਜਿਮ ਮੈਟਿਸ ਨਾਲ ਮੁਲਾਕਾਤ ਕੀਤੀ।ਅਮਰੀਕੀ ਫ਼ੌਜ 'ਚ ਭਾਰਤ ਦੀ ਮਹੱਤਤਾ ਦੇ ਵੱਡੇ ਸੰਕੇਤਿਕ ਕਦਮ ਦੇ ਤੌਰ 'ਤੇ ਪੈਂਟਾਗਨ ਵਲੋਂ ਪ੍ਰਸ਼ਾਂਤ ਕਮਾਨ ਦਾ ਨਾਂ ਬਦਲ ਕੇ ਹਿੰਦ ਪ੍ਰਸ਼ਾਂਤ ਕਮਾਨ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਇਹ ਮੁਲਾਕਾਤ ਹੋਈ।
ਸੂਤਰਾਂ ਨੇ ਦਸਿਆ ਕਿ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ਵਿਚ ਮੋਦੀ ਨੇ ਸਿੰਗਾਪੁਰ 'ਚ ਬੰਦ ਕਮਰੇ ਵਿਚ ਮੈਟਿਸ ਨਾਲ ਮੁਲਾਕਾਤ ਕੀਤੀ, ਜਿਸ ਵਿਚ ਦੋਹਾਂ ਪੱਖਾਂ ਨੇ ਆਪਸੀ ਅਤੇ ਵਿਸ਼ਵ ਹਿਤਾਂ ਦੇ ਸਾਰੇ ਸੁਰੱਖਿਆ ਮੁੱਦਿਆਂ 'ਤੇ ਚਰਚਾ ਕੀਤੀ।ਸਾਲਾਨਾ ਸ਼ੰਗਰੀ-ਲਾ ਗੱਲਬਾਤ ਤੋਂ ਬਾਅਦ ਇਹ ਬੈਠਕ ਹੋਈ। ਮੋਦੀ ਨੇ ਸ਼ੁਕਰਵਾਰ ਦੀ ਰਾਤ ਇਸ ਨੂੰ ਸੰਬੋਧਤ ਕੀਤਾ।
ਗੱਲਬਾਤ ਵਿਚ ਅਪਣੇ ਸੰਬੋਧਨ ਵਿਚ ਮੋਦੀ ਨੇ ਕਿਹਾ ਕਿ ਜਦੋਂ ਭਾਰਤ ਅਤੇ ਚੀਨ ਇਕ-ਦੂਜੇ ਦੇ ਹਿਤਾਂ ਪ੍ਰਤੀ ਸੰਵੇਦਨਸ਼ੀਲ ਰਹਿੰਦੇ ਹੋਏ ਭਰੋਸੇ ਅਤੇ ਵਿਸ਼ਵਾਸ ਨਾਲ ਕੰਮ ਕਰਦੇ ਹਨ ਤਾਂ ਏਸ਼ੀਆ ਅਤੇ ਦੁਨੀਆ ਨੂੰ ਬਿਹਤਰ ਭਵਿੱਖ ਮਿਲੇਗਾ। ਉਧਰ ਮੈਟਿਸ ਨੇ ਵੀ ਸੰਬੋਧਤ ਕੀਤਾ, ਜਿਸ 'ਚ ਉਨ੍ਹਾਂ ਨੇ ਸਾਰਿਆਂ ਲਈ ਆਜ਼ਾਦੀ ਅਤੇ ਵਿਵਸਥਾ ਆਧਾਰਤ ਨਿਯਮਾਂ 'ਤੇ ਜ਼ੋਰ ਦਿਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ 'ਚ ਇੰਡੀਅਨ ਹੈਰੀਟੇਜ਼ ਸੈਂਟਰ ਦੇ ਦੌਰੇ ਦੌਰਾਨ ਰੁਪਏ ਕਾਰਡ ਦੀ ਵਰਤੋਂ ਕਰ ਕੇ ਇਕ ਮਧੂਬਨੀ ਪੇਂਟਿੰਗ ਖ਼ਰੀਦੀ। ਸੈਂਟਰ ਵਿਚ ਪਹੁੰਚਣ 'ਤੇ ਮੌਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। (ਪੀਟੀਆਈ)