
ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚ ਕਲ ਹੋਏ ਆਤਮਘਾਤੀ ਹਮਲੇ ਵਿਚ 19 ਸਿੱਖਾਂ ਅਤੇ ਹਿੰਦੂਆਂ ਦੇ ਮਾਰੇ ਜਾਣ ਅਤੇ 21 ਦੇ ਜ਼ਖ਼ਮੀ ਹੋਣ ਮਗਰੋਂ.....
ਜਲਾਲਾਬਾਦ : ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚ ਕਲ ਹੋਏ ਆਤਮਘਾਤੀ ਹਮਲੇ ਵਿਚ 19 ਸਿੱਖਾਂ ਅਤੇ ਹਿੰਦੂਆਂ ਦੇ ਮਾਰੇ ਜਾਣ ਅਤੇ 21 ਦੇ ਜ਼ਖ਼ਮੀ ਹੋਣ ਮਗਰੋਂ ਸੋਗ ਅਤੇ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕਾਂ ਦੇ ਪਰਵਾਰ ਡੂੰਘੇ ਸਦਮੇ ਵਿਚ ਹਨ। ਉਨ੍ਹਾਂ ਅੰਦਰ ਗੁੱਸਾ ਅਤੇ ਰੋਹ ਵੀ ਹੈ।
ਕਲ ਜਲਾਲਾਬਾਦ ਵਿਚ ਰਾਸ਼ਟਰਪਤੀ ਅਸ਼ਰਫ਼ ਗਨੀ ਨਾਲ ਮੁਲਾਕਾਤ ਦੀ ਉਡੀਕ ਕਰ ਰਹੇ ਅਫ਼ਗ਼ਾਨੀ ਸਿੱਖਾਂ ਅਤੇ ਹਿੰਦੂਆਂ ਦੀ ਭੀੜ ਵਿਚ ਦਾਖ਼ਲ ਹੋ ਕੇ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਧਮਾਕੇ ਨਾਲ ਉਡਾ ਲਿਆ ਸੀ ਜਿਸ ਕਾਰਨ ਘੱਟੋ-ਘੱਟ 19 ਜਣੇ ਮਾਰੇ ਗਏ ਸਨ ਅਤੇ 21 ਜ਼ਖ਼ਮੀ ਹੋ ਗਏ ਸਨ।
ਐਂਬੂਲੈਂਸਾਂ ਵਿਚ ਤਾਬੂਤ ਰਖਦਿਆਂ ਲੋਕਾਂ ਨੇ 'ਅਸ਼ਰਫ਼ ਗਨੀ ਮੁਰਦਾਬਾਦ' ਅਤੇ 'ਸਰਕਾਰ ਮੁਰਦਾਬਾਦ' ਦੇ ਨਾਹਰੇ ਲਾਏ। ਅੰਤਮ ਸਸਕਾਰ ਲਈ ਲਾਸ਼ਾਂ ਨੂੰ ਇਕੱਠਿਆਂ ਲਿਜਾਇਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕਾਂ ਵਿਚ 17 ਸਿੱਖ ਅਤੇ ਹਿੰਦੂ ਸਨ। ਇਨ੍ਹਾਂ ਵਿਚ ਅਵਤਾਰ ਸਿੰਘ ਖ਼ਾਲਸਾ ਵੀ ਸ਼ਾਮਲ ਸਨ ਜਿਹੜੇ 20 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਕਿਸਮਤ ਅਜ਼ਮਾ ਰਹੇ ਇਕੋ ਇਕ ਸਿੱਖ ਉਮੀਦਵਾਰ ਸਨ। ਸਮਾਜ ਸੇਵੀ ਰਵਾਇਲ ਸਿੰਘ ਵੀ ਮ੍ਰਿਤਕਾਂ ਵਿਚ ਸ਼ਾਮਲ ਹਨ। ਹਸਪਤਾਲ ਤੋਂ ਅਪਣੇ ਪਿਤਾ ਅਵਤਾਰ ਸਿੰਘ ਦੀ ਲਾਸ਼ ਲਿਜਾਂਦੇ ਸਮੇਂ ਨਰਿੰਦਰ ਸਿੰਘ ਨੇ ਦਸਿਆ,
'ਇਸ ਹਮਲੇ ਨੇ ਸਾਡੇ ਕਈ ਅਜਿਹੇ ਬਜ਼ੁਰਗਾਂ ਦੀ ਜਾਨ ਲੈ ਲਈ ਹੈ ਜਿਨ੍ਹਾਂ ਨੇ ਅਪਣੇ ਦੇਸ਼ ਨੂੰ ਹੋਰ ਕਿਸੇ ਵੀ ਚੀਜ਼ ਤੋਂ ਵੱਧ ਕੇ ਪਿਆਰ ਦਿਤਾ।' ਉਨ੍ਹਾਂ ਕਿਹਾ, 'ਨਿਸ਼ਾਨਾ ਸਿੱਧਾ ਸਾਡੇ ਉਤੇ ਸੀ। ਸਰਕਾਰ ਨੂੰ ਸਾਡੀ ਕੋਈ ਪਰਵਾਹ ਨਹੀਂ। ਅਸੀਂ ਭਾਰੀ ਗਿਣਤੀ ਵਿਚ ਹੁੰਦੇ ਸੀ ਪਰ ਹੁਣ ਸਾਡੇ ਵਿਚੋਂ ਬਹੁਤੇ ਚਲੇ ਗਏ ਹਨ।' ਅਨੁਮਾਨ ਮੁਤਾਬਕ ਮੁਸਲਿਮ ਬਹੁਗਿਣਤੀ ਵਾਲੇ ਅਫ਼ਗ਼ਾਨਿਸਤਾਨ ਵਿਚ ਇਸ ਵੇਲੇ ਕਰੀਬ 1000 ਸਿੱਖ ਅਤੇ ਹਿੰਦੂ ਰਹਿੰਦੇ ਹਨ ਜਦਕਿ ਸਤਰਵਿਆਂ ਵਿਚ ਕਰੀਬ 80 ਹਜ਼ਾਰ ਸਨ। ਇਨ੍ਹਾਂ ਵਿਚੋਂ ਬਹੁਤੇ ਜਲਾਲਾਬਾਦ, ਗਜ਼ਨੀ ਅਤੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਰਹਿੰਦੇ ਹਨ।
ਰਾਸ਼ਟਰਪਤੀ ਦੋ ਦਿਨ ਦੇ ਦੌਰੇ ਤਹਿਤ ਜਲਾਲਾਬਾਦ ਵਿਚ ਸਨ। ਹਮਲੇ ਵਿਚ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਹਮਲੇ ਦੀ ਜ਼ਿੰਮੇਵਾਰੀ ਆਈਐਸਆਈਐਸ ਨੇ ਲਈ ਹੈ। (ਏਜੰਸੀ)
ਮੋਦੀ ਤੇ ਹੋਰਾਂ ਵਲੋਂ ਸਿੱਖਾਂ 'ਤੇ ਹਮਲੇ ਦੀ ਨਿਖੇਧੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗ਼ਾਨਿਸਤਾਨ ਵਿਚ ਹੋਏ ਅਤਿਵਾਦੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਸਭਿਆਚਾਰਕ ਤਾਣੇ-ਬਾਣੇ 'ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਉਹ ਦੁੱਖ ਦੀ ਘੜੀ ਵਿਚ ਪੀੜਤਾਂ ਨਾਲ ਖੜੇ ਹਨ।
ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚ ਹੋਏ ਆਤਮਘਾਤੀ ਹਮਲੇ ਦੀ ਨਿਖੇਧੀ ਕਰਦਿਆ ਕਿਹਾ ਕਿ ਕੀਮਤੀ ਇਨਸਾਨੀ ਜ਼ਿੰਦਗੀਆਂ ਗਵਾ ਲੈਣ ਤੋਂ ਦੇਸ਼ ਦੁਖੀ ਅਤੇ ਨਿਰਾਸ਼ ਹੈ।' ਪਾਕਿਸਤਾਨ ਦੇ ਵਿਦੇਸ਼ ਮੰਰਤਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ, 'ਹਮਲੇ ਵਿਚ ਮਰਨ ਵਾਲਿਆਂ ਦੇ ਪਰਵਾਰਾਂ ਨਾਲ ਡੂੰਘਾ ਦੁੱਖ ਸਾਂਝਾ ਕਰਦੇ ਹਾਂ ਅਤੇ ਜ਼ਖ਼ਮੀਆ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।'