
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖ਼ਾਨ ਸਾਦੇ ਸਮਾਗਮ 'ਚ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਲੈਣਾ ਚਾਹੁੰਦੇ ਹਨ..............
ਇਸਲਾਮਾਬਾਦ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖ਼ਾਨ ਸਾਦੇ ਸਮਾਗਮ 'ਚ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਲੈਣਾ ਚਾਹੁੰਦੇ ਹਨ। ਇਮਰਾਨ ਇਸ ਸਮਾਗਮ 'ਚ ਕਿਸੇ ਵਿਦੇਸ਼ੀ ਆਗੂ ਜਾਂ ਮਸ਼ਹੂਰ ਸ਼ਖ਼ਸੀਅਤ ਨੂੰ ਬੁਲਾਉਣ ਦੇ ਪੱਖ 'ਚ ਨਹੀਂ ਹਨ। ਇਮਰਾਨ ਖ਼ਾਨ ਦੀ ਪਾਰਟੀ 25 ਜੁਲਾਈ ਨੂੰ ਹੋਈ ਚੋਣ 'ਚ ਸੱਭ ਤੋਂ ਵੱਡੀ ਪਾਰਟੀ ਵਲੋਂ ਉਭਰੀ ਸੀ। 65 ਸਾਲਾ ਨੇਤਾ ਦੇ 11 ਅਗੱਸਤ ਨੂੰ ਸਹੁੰ ਚੁੱਕਣ ਦੀ ਉਮੀਦ ਹੈ। ਇਹ ਸਮਾਗਮ ਰਾਸ਼ਟਰਪਤੀ ਭਵਨ 'ਚ ਹੋਵੇਗਾ।
ਪਾਕਿਸਤਾਨੀ ਅਖ਼ਬਾਰ 'ਡਾਨ' ਮੁਤਾਬਕ ਇਮਰਾਨ ਖ਼ਾਨ ਨੇ ਇਸ ਸਮਾਗਮ ਨੂੰ ਬਿਲਕੁਲ ਸਾਧਾਰਨ ਤਰੀਕੇ ਨਾਲ ਕਰਵਾਉਣ ਦਾ ਫ਼ੈਸਲਾ ਲਿਆ ਹੈ। ਪੀ.ਟੀ.ਆਈ. ਦੇ ਬੁਲਾਰੇ ਨੇ ਦਸਿਆ ਕਿ ਇਮਰਾਨ ਖ਼ਾਨ ਰਾਸ਼ਟਰਪਤੀ ਹਾਊਸ ਦੀਵਾਨ-ਏ-ਸਦਰ 'ਚ ਸਹੁੰ ਲੈਣਗੇ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਵਿਦੇਸ਼ੀ ਵਿਅਕਤੀ ਨੂੰ ਨਹੀਂ ਬੁਲਾਇਆ ਜਾਵੇਗਾ। ਇਹ ਪੂਰੀ ਤਰ੍ਹਾਂ ਰਾਸ਼ਟਰੀ ਸਮਾਗਮ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਮਰਾਨ ਖ਼ਾਨ ਦੇ ਕੁੱਝ ਵਿਦੇਸ਼ੀ ਦੋਸਤਾਂ ਨੂੰ ਇਸ ਸਮਾਗਮ ਦੇ ਲਈ ਜਰੂਰ ਬੁਲਾਇਆ ਜਾਵੇਗਾ।
ਸਮਾਗਮ 'ਚ ਫ਼ਜੂਲਖਰਚੀ ਨਹੀਂ ਕੀਤੀ ਜਾਵੇਗੀ। ਰਾਸ਼ਟਰਪਤੀ ਮਮਨੂਨ ਹੁਸੈਨ ਇਮਰਾਨ ਨੂੰ ਸਹੁੰ ਚੁਕਾਉਣਗੇ। ਪਾਰਟੀ ਸੂਤਰਾਂ ਨੇ ਦਸਿਆ ਕਿ ਇਮਰਾਨ ਖ਼ਾਨ ਨੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ ਸੀ, ਜਿਸ 'ਚ ਸਰਕਾਰ ਦੇ ਗਠਨ ਤੋਂ ਇਲਾਵਾ, ਉਹ ਕਿਥੇ ਸਹੁੰ ਚੁੱਕਣਗੇ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿਥੇ ਰਹਿਣਗੇ ਇਸ 'ਤੇ ਚਰਚਾ ਕੀਤੀ ਗਈ। ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਇਹ ਫ਼ੈਸਲਾ ਲਿਆ ਗਿਆ ਹੈ
ਕਿ ਉਹ ਰਾਸ਼ਟਰਪਤੀ ਭਵਨ 'ਚ ਸਹੁੰ ਚੁੱਕਣਗੇ, ਜੋ ਕਿ ਸੁਰੱਖਿਅਤ ਸਥਾਨ ਹੈ। ਜ਼ਿਕਰਯੋਗ ਹੈ ਕਿ ਮਈ 2014 'ਚ ਜਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਲਈ ਸੀ ਤਾਂ ਉਨ੍ਹਾਂ ਨੇ ਉਸ ਸਮੇਂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸੱਦਾ ਦਿਤਾ ਸੀ ਅਤੇ ਸ਼ਰੀਫ਼ ਨਵੀਂ ਦਿੱਲੀ ਵੀ ਗਏ ਸਨ। (ਪੀਟੀਆਈ)