
ਦੇਸ਼ 'ਚ 25 ਜੁਲਾਈ ਨੂੰ ਹੋਈ ਆਮ ਚੋਣ ਵਿਚ 65 ਸਾਲਾ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰੀ........
ਪੇਸ਼ਾਵਰ : ਦੇਸ਼ 'ਚ 25 ਜੁਲਾਈ ਨੂੰ ਹੋਈ ਆਮ ਚੋਣ ਵਿਚ 65 ਸਾਲਾ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਹਾਲਾਂਕਿ ਪੀ.ਟੀ.ਆਈ. ਕੋਲ ਹਾਲੇ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ ਨਹੀਂ ਹੈ, ਪਰ ਫਿਰ ਵੀ ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਉਹ 11 ਅਗੱਸਤ ਨੂੰ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਪਾਕਿਸਤਾਨ ਦੀ 342 ਸੀਟਾਂ ਵਾਲੀ ਨੈਸ਼ਨਲ ਅਸੈਂਬਲੀ 'ਚ 272 ਸੀਟਾਂ 'ਤੇ ਸਿੱਧੇ ਚੋਣ ਹੁੰਦੀ ਹੈ। ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਕੁਲ 172 ਸੀਟਾਂ ਦੀ ਜ਼ਰੂਰਤ ਹੁੰਦੀ ਹੈ।
ਨਤੀਜਿਆਂ ਮੁਤਾਬਕ ਪੀ.ਟੀ.ਆਈ. ਨੂੰ 116 ਆਮ ਸੀਟਾਂ ਮਿਲੀਆਂ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਨੂੰ 64 ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੂੰ 43 ਸੀਟਾਂ ਮਿਲੀਆਂ ਹਨ। ਰੇਡੀਉ ਪਾਕਿਸਤਾਨ ਮੁਤਾਬਕ ਖੈਬਰ ਪਖ਼ਤੂਨਖਵਾ 'ਚ ਪੀ.ਟੀ.ਆਈ. ਕਾਰਕੁਨਾਂ ਨੂੰ ਸੰਬੋਧਤ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਅਗਲੇ ਮਹੀਨੇ (ਅਗੱਸਤ) ਦੀ 11 ਤਰੀਕ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਾਂਗਾ। ਖ਼ਾਨ ਨੇ ਕਿਹਾ, ''ਮੈਂ ਖ਼ੈਬਰ ਪਖਤੂਨਖਵਾ ਦੇ ਪ੍ਰਧਾਨ ਮੰਤਰੀ ਦਾ ਵੀ ਫ਼ੈਸਲਾ ਕਰ ਲਿਆ ਹੈ। ਇਸ ਦਾ ਐਲਾਨ ਅਗਲੇ 48 ਘੰਟੇ 'ਚ ਕਰਾਂਗਾ।
ਇਸ ਸਬੰਧ 'ਚ ਮੈਂ ਜੋ ਵੀ ਫ਼ੈਸਲਾ ਲਿਆ ਹੈ, ਉਹ ਲੋਕਾਂ ਦੇ ਹਿੱਤ 'ਚ ਹੈ।'' ਪੀ.ਟੀ.ਆਈ. ਦੇ ਨੇਤਾ ਮਈਨੁਲ ਹੱਕ ਨੇ ਬੀਤੀ ਰਾਤ ਮੀਡੀਆ ਨੂੰ ਦਸਿਆ ਕਿ ਬਹੁਮਤ ਹਾਸਲ ਕਰਨ ਲਈ ਗੱਲਬਾਤ ਜਾਰੀ ਹੈ। ਹੱਕ ਨੇ ਕਿਹਾ, ''ਅਸੀ ਅਪਣਾ ਕੰਮ ਕਰ ਲਿਆ ਹੈ ਅਤੇ ਇਮਰਾਨ ਖ਼ਾਨ 14 ਅਗੱਸਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।'' (ਪੀਟੀਆਈ)