
ਸਾਊਥੈਂਪਟਨ ਦੇ ਵਸਨੀਕ ਜਸਵੰਤ ਸਿੰਘ ਚੈਲ 'ਤੇ ਜਾਨਲੇਵਾ ਹਥਿਆਰ ਰੱਖਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਹਨ।
ਲੰਡਨ: ਪਿਛਲੇ ਸਾਲ ਕ੍ਰਿਸਮਸ ਮੌਕੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 ਦੇ ਸ਼ਾਹੀ ਨਿਵਾਸ ਵਿੰਡਸਰ ਕੈਸਲ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ 20 ਸਾਲਾ ਨੌਜਵਾਨ 'ਤੇ ਮੰਗਲਵਾਰ ਨੂੰ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ। ਸਾਊਥੈਂਪਟਨ ਦੇ ਵਸਨੀਕ ਜਸਵੰਤ ਸਿੰਘ ਚੈਲ 'ਤੇ ਜਾਨਲੇਵਾ ਹਥਿਆਰ ਰੱਖਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਚੈਲ ਆਪਣੇ ਆਪ ਨੂੰ ਇਕ "ਭਾਰਤੀ ਸਿੱਖ" ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਹ 1919 ਦੇ ਜਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ "ਮਾਰਨਾ" ਚਾਹੁੰਦਾ ਸੀ।
ਉਹ ਫਿਲਹਾਲ ਪੁਲਿਸ ਹਿਰਾਸਤ ਵਿਚ ਹੈ ਅਤੇ ਉਸ ਨੂੰ 17 ਅਗਸਤ ਨੂੰ ਲੰਡਨ ਵਿਚ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਕਿਹਾ ਕਿ ਜਸਵੰਤ ਸਿੰਘ 'ਤੇ ਇਹ ਦੋਸ਼ ਮੈਟਰੋਪੋਲੀਟਨ ਪੁਲਿਸ ਦੀ ਅੱਤਵਾਦ ਰੋਕੂ ਕਮਾਂਡ ਦੁਆਰਾ ਜਾਂਚ ਤੋਂ ਬਾਅਦ ਲਗਾਏ ਗਏ ਹਨ। ਚੈਲ 'ਤੇ 1842 ਦੇ ਦੇਸ਼ਧ੍ਰੋਹ ਐਕਟ ਦੀ ਧਾਰਾ 2 (ਰਾਣੀ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਥਿਆਰ ਜਾਂ ਕਿਸੇ ਵੀ ਘਾਤਕ ਵਸਤੂ ਨੂੰ ਰੱਖਣਾ) ਦੇ ਤਹਿਤ ਦੋਸ਼ ਲਗਾਇਆ ਗਿਆ ਹੈ।
ਪੁਲਿਸ ਨੇ ਕਿਹਾ, "ਮੈਟਰੋਪੋਲੀਟਨ ਪੁਲਿਸ ਦੇ ਅੱਤਵਾਦ ਰੋਕੂ ਕਮਾਂਡ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ, ਪਿਛਲੇ ਸਾਲ ਕ੍ਰਿਸਮਿਸ 'ਤੇ ਵਿੰਡਸਰ ਕੈਸਲ ਵਿਚ ਤੋੜ-ਭੰਨ ਕਰਨ ਦੀ ਇਕ ਘਟਨਾ ਦੇ ਸਬੰਧ ਵਿਚ ਇਕ ਵਿਅਕਤੀ ਖਿਲਾਫ ਦੋਸ਼ ਤੈਅ ਕੀਤੇ ਗਏ ਹਨ"। ਚੈਲ ਨੂੰ ਪਹਿਲਾਂ 'ਮੈਨਟਲ ਹੈਲਥ ਐਕਟ' ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਪਿਤਾ ਜਸਬੀਰ ਚੈਲ (58) ਨੇ ਪਿਛਲੇ ਸਾਲ ਦਸੰਬਰ ਵਿਚ ਕਿਹਾ ਸੀ ਕਿ ਉਸ ਦੇ ਬੇਟੇ ਨੂੰ ਕਿਲ੍ਹੇ ਵਿਚ ਗੈਰ-ਕਾਨੂੰਨੀ ਤੌਰ 'ਤੇ ਦਾਖਲ ਹੋਣ ਦੀ ਘਟਨਾ ਤੋਂ ਬਾਅਦ ਮਦਦ ਦੀ ਲੋੜ ਹੈ।