
ਰੂਸ ਯੂਕਰੇਨ ਜੰਗ ਦੇ ਨੌਵੇਂ ਦਿਨ ਰੂਸੀ ਫੌਜ ਦੀ ਗੋਲੀਬਾਰੀ ਕਾਰਨ ਜ਼ਪੋਜੀਰੀਆ ਪ੍ਰਮਾਣੂ ਪਲਾਂਟ ਵਿਚ ਅੱਗ ਲੱਗ ਗਈ।
ਕੀਵ: ਰੂਸ ਯੂਕਰੇਨ ਜੰਗ ਦੇ ਨੌਵੇਂ ਦਿਨ ਰੂਸੀ ਫੌਜ ਦੀ ਗੋਲੀਬਾਰੀ ਕਾਰਨ ਜ਼ਪੋਜੀਰੀਆ ਪ੍ਰਮਾਣੂ ਪਲਾਂਟ ਵਿਚ ਅੱਗ ਲੱਗ ਗਈ। ਹਾਲਾਂਕਿ ਨਿਰਦੇਸ਼ਕ ਅਲੈਗਜ਼ੈਂਡਰ ਸਟਾਰੁਖ ਨੇ ਕਿਹਾ ਕਿ ਪਲਾਂਟ ਸੁਰੱਖਿਅਤ ਹੈ। ਰੂਸੀ ਬਲਾਂ ਨੇ ਗੋਲੀਬਾਰੀ ਤੋਂ ਬਾਅਦ ਐਡਮਿਨ ਅਤੇ ਕੰਟਰੋਲ ਇਮਾਰਤਾਂ 'ਤੇ ਕਬਜ਼ਾ ਕਰ ਲਿਆ ਪਰ ਉਹ ਯੂਕਰੇਨੀ ਬਚਾਅ ਫਾਇਰ ਫਾਈਟਰਜ਼ ਨੂੰ ਪਲਾਂਟ ਵਿਚ ਦਾਖਲ ਹੋਣ ਤੋਂ ਰੋਕ ਰਹੇ ਹਨ।
ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਕਿਹਾ ਹੈ ਕਿ ਰੂਸੀ ਫੌਜੀ ਜ਼ਪੋਰਿਜ਼ੀਆ ਪ੍ਰਮਾਣੂ ਪਲਾਂਟ 'ਤੇ ਚਾਰੇ ਪਾਸੇ ਗੋਲੀਬਾਰੀ ਕਰ ਰਹੇ ਹਨ। ਇਹ ਯੂਰਪ ਦਾ ਸਭ ਤੋਂ ਵੱਡਾ ਪਾਵਰ ਪਲਾਂਟ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ਕਾਰਨ ਪਲਾਂਟ ਨੂੰ ਅੱਗ ਲੱਗ ਗਈ। ਕੁਲੇਬਾ ਨੇ ਟਵਿੱਟਰ 'ਤੇ ਲਿਖਿਆ, "ਰੂਸੀ ਫੌਜੀ ਤੁਰੰਤ ਗੋਲੀਬਾਰੀ ਬੰਦ ਕਰਨ ਤਾਂ ਜੋ ਅੱਗ ਬੁਝਾਉਣ ਵਾਲੇ ਉੱਥੇ ਪਹੁੰਚ ਸਕਣ।"
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਨਾਲ ਗੱਲ ਕੀਤੀ ਹੈ ਅਤੇ ਐਮਰਜੈਂਸੀ ਦਸਤੇ ਨੂੰ ਜ਼ਪੋਰੀਜ਼ੀਆ ਵਿਚ ਦਾਖਲ ਹੋਣ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ। ਓਪਨ ਨਿਊਕਲੀਅਰ ਨੈੱਟਵਰਕ ਦੀ ਡਾਇਰੈਕਟਰ ਲੌਰਾ ਰੌਕਵੁੱਡ ਨੇ ਦੱਸਿਆ ਕਿ ਜੰਗ ਕਾਰਨ ਯੂਕਰੇਨ ਦੇ ਬਿਜਲੀ ਗਰਿੱਡ ਪ੍ਰਭਾਵਿਤ ਹੋ ਸਕਦੇ ਹਨ। ਇਹ ਗਰਿੱਡ ਪ੍ਰਮਾਣੂ ਊਰਜਾ 'ਤੇ ਨਿਰਭਰ ਹਨ। ਉਹਨਾਂ ਕਿਹਾ ਸੀ ਕਿ ਪਲਾਂਟ ਦੇ ਆਲੇ-ਦੁਆਲੇ ਮਿਲਟਰੀ ਟਕਰਾਅ ਤੋਂ ਦੋ ਖ਼ਤਰੇ ਹਨ- ਪਲਾਂਟ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਉੱਥੇ ਕੰਮ ਕਰਨ ਵਾਲੇ ਲੋਕ ਪ੍ਰਭਾਵਿਤ ਹੋਣਗੇ। ਇਸ ਤੋਂ ਜ਼ਿਆਦਾ ਗੰਭੀਰ ਪਲਾਂਟ ਬੰਦ ਹੋਣਾ ਅਤੇ ਪ੍ਰਮਾਣੂ ਹਾਦਸਾ ਹੋ ਸਕਦਾ ਹੈ।
ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਨੇ ਕਿਹਾ ਹੈ ਕਿ ਉਹ ਯੂਕਰੇਨੀ ਅਧਿਕਾਰੀਆਂ ਦੇ ਸੰਪਰਕ ਵਿਚ ਹੈ। ਪਲਾਂਟ ਦੇ ਬੁਲਾਰੇ ਨੇ ਸੋਸ਼ਲ ਮੀਡੀਆ 'ਤੇ ਰੂਸੀ ਬਲਾਂ ਨੂੰ ਗੋਲੀਬਾਰੀ ਬੰਦ ਕਰਨ ਲਈ ਕਿਹਾ। ਇਸ ਪਾਵਰ ਪਲਾਂਟ ਤੋਂ ਯੂਕਰੇਨ ਨੂੰ ਆਪਣੀ 25 ਫੀਸਦੀ ਬਿਜਲੀ ਮਿਲਦੀ ਹੈ। ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਲਗਭਗ 100 ਕਿਲੋਮੀਟਰ ਦੂਰ ਚਰਨੋਬਲ ਪਲਾਂਟ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ ਹੈ। ਉਧਰ ਪੋਲੈਂਡ ਵਿਚ ਭਾਰਤੀਆਂ ਨੂੰ ਲੈਣ ਗਏ ਸੇਵਾਮੁਕਤ ਜਨਰਲ ਵੀਕੇ ਸਿੰਘ ਨੇ ਦੱਸਿਆ ਕਿ ਕੀਵ ਵਿਚ ਇਕ ਹੋਰ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗੀ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।