
ਮੋਟਰਸਾਈਕਲਾਂ 'ਤੇ ਕਾਲੇ ਝੰਡੇ ਲਗਾ ਵੱਖ ਵੱਖ ਨੌਜਵਾਨਾਂ ਨੇ ਮੋਦੀ ਸਰਕਾਰ ਨੂੰ ਲਾਹਣਤਾਂ ਪਾਈਆਂ, ਉਥੇ ਹੀਸੰਘਰਸ਼ ਜਾਰੀ ਰੱਖਣ ਦਾ ਪ੍ਰਣ ਵੀ ਕੀਤਾ।
ਬ੍ਰੈਂਪਟਨ (ਕੈਨੇਡਾ)- ਪੰਜਾਬ ’ਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ ਤੋਂ ਕੈਨੇਡਾ ਗਏ ਕਿਸਾਨਾਂ ਦੇ ਪੁੱਤਾਂ ਵੱਲੋਂ ਕੈਨੇਡਾ ਵਿਚ ਵੀ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਕੈਨੇਡਾ ਵਿਚ ਵੱਖ ਵੱਖ ਥਾਵਾਂ 'ਤੇ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਅਪਣੀਆਂ ਲਗਜ਼ਰੀ ਕਾਰਾਂ ਅਤੇ ਮੋਟਰਸਾਈਕਲਾਂ 'ਤੇ ਕਾਲੇ ਝੰਡੇ ਲਗਾ ਕੇ ਰੋਸ ਰੈਲੀ ਕੱਢੀ ਗਈ ਅਤੇ ਮੋਦੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ।
protestਇਸ ਮੌਕੇ ਬੋਲਦਿਆਂ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਸਾਹ ਲੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਘਰਸ਼ ਵਿਚ ਉਹ ਪੰਜਾਬ ਦੇ ਕਿਸਾਨਾਂ ਦੇ ਪੂਰੀ ਤਰ੍ਹਾਂ ਨਾਲ ਹਨ, ਉਹ ਕਿਸਾਨਾਂ ਦੀ ਇਸ ਸੰਘਰਸ਼ ਵਿਚ ਹਰ ਤਰੀਕੇ ਨਾਲ ਮਦਦ ਕਰਨਗੇ।
ਇਸ ਤੋਂ ਇਲਾਵਾ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਨੌਜਵਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਨੌਜਵਾਨਾਂ ਨੇ ਜਿੱਥੇ ਮੋਦੀ ਸਰਕਾਰ ਨੂੰ ਲਾਹਣਤਾਂ ਪਾਈਆਂ, ਉਥੇ ਹੀ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਾ ਲੈਣ ਤਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਵੀ ਕੀਤਾ।
ਦੱਸ ਦਈਏ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਵਿਰੁੱਧ ਪੰਜਾਬ ਤੋਂ ਉਠਿਆ ਇਹ ਸੰਘਰਸ਼ ਕੈਨੇਡਾ ਤਕ ਪਹੁੰਚ ਗਿਆ ਹੈ। ਭਾਵੇਂ ਕਿ ਸਰਕਾਰ ਵੱਲੋਂ ਇਸ ਅੰਦੋਲਨ ਨੂੰ ਵੱਖ ਵੱਖ ਤਰੀਕੇ ਨਾਲ ਤੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਐ ਪਰ ਇਸ ਦੇ ਬਾਵਜੂਦ ਕਿਸਾਨ ਅਪਣੀਆਂ ਮੰਗਾਂ 'ਤੇ ਪੂਰੀ ਤਰ੍ਹਾਂ ਡਟੇ ਹੋਏ ਨੇ ਤਾਂ ਜੋ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲਵੇ।