
ਅਮਰੀਕਾ ਨੇ ਹਮਲੇ ਦੀ ਕੀਤੀ ਪੁਸ਼ਟੀ
ਨਵੀਂ ਦਿੱਲੀ : ਅੱਜ ਬੁੱਧਵਾਰ (ਭਾਰਤੀ ਸਮੇਂ ਅਨੁਸਾਰ) ਸਵੇਰੇ ਈਰਾਨ ਨੇ ਅਮਰੀਕਾ ਦੇ ਫੌਜ਼ੀ ਟਿਕਾਣਿਆ 'ਤੇ ਹਮਲਾ ਕਰ ਦਿੱਤਾ ਹੈ। ਇਹ ਫ਼ੌਜੀ ਟਿਕਾਣੇ ਈਰਾਕ ਵਿਚ ਮੌਜੂਦ ਹਨ ਅਤੇ ਹਮਲਾ ਈਰਾਨ ਦੁਆਰਾ ਮਿਸਾਇਲਾਂ ਰਾਹੀਂ ਕੀਤਾ ਗਿਆ ਹੈ। ਉੱਧਰ ਅਮਰੀਕਾ ਨੇ ਵੀ ਇਸ ਹਮਲੇ ਦੀ ਪੁਸ਼ਟੀ ਕਰ ਦਿੱਤੀ ਹੈ।
File Photo
ਈਰਾਨ ਨੇ ਅਮਰੀਕਾ ਦੁਆਰਾ ਆਪਣੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਕੀਤੀ ਹੱਤਿਆ ਦਾ ਬਦਲਾ ਲੈਣ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਪੱਛਮੀ ਏਸ਼ੀਆ ਵਿਚ ਯੁੱਧ ਦੀ ਸਥਿਤੀ ਪੈਦਾ ਹੋ ਗਈ ਹੈ। ਦਰਅਸਲ ਈਰਾਨ ਨੇ ਈਰਾਕ ਵਿਚ ਮੌਜੂਦ ਅਮਰੀਕਾ ਦੇ ਅਲ-ਅਸਦ ਅਤੇ ਅਰਬਿਲ ਦੇ ਫ਼ੌਜੀ ਟਿਕਾਣਿਆ 'ਤੇ ਦਰਜਨਾ ਬੈਲਿਸਟਿਕ ਮਿਸਾਇਲਾ ਨਾਲ ਹਮਲਾ ਕੀਤਾ ਹੈ। ਇਸ ਹਮਲੇ ਤੋਂ ਬਾਅਦ ਅਮਰੀਕਾ ਨੇ ਈਰਾਨ ਨੂੰ ਸਖ਼ਤ ਨਤੀਜੇ ਭੁਗਤਣ ਦੀ ਚੇਤਾਵਨੀ ਵੀ ਦੇ ਦਿੱਤੀ ਹੈ।
File Photo
ਅਮਰੀਕੀ ਦੇ ਰੱਖਿਆ ਵਿਭਾਗ ਪੈਂਟਾਗਨ ਨੇ ਕਿਹਾ ਹੈ ਕਿ ਉਸ ਦੇ ਏਅਰਬੇਸ 'ਤੇ ਇਕ ਦਰਜਨ ਤੋਂ ਵੱਧ ਮਿਸਾਇਲਾ ਛੱਡੀਆ ਗਈਆ ਹਨ। ਇਸ ਏਅਰਬੇਸ 'ਤੇ ਅਮਰੀਕੀ ਫੌਜ ਦੇ ਨਾਲ ਗੱਠਜੋੜ ਦੀਆਂ ਫੌਜਾ ਵੀ ਤਾਇਨਾਤ ਹਨ। ਅਮਰੀਕਾ ਵੱਲੋਂ ਇਸ ਹਮਲੇ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਈਰਾਨ ਦੀ ਇਸ ਕਾਰਵਾਈ ਤੋਂ ਬਾਅਦ ਟਰੰਪ ਦਾ ਵੀ ਬਿਆਨ ਸਾਹਮਣੇ ਆਇਆ ਹੈ ਟਰੰਪ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਸੱਭ ਠੀਕ ਹੈ। ਅਸੀ ਜਾਨੀ ਨੁਕਸਾਨ ਅਤੇ ਜਾਇਦਾਦ ਦੇ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਾਂ। ਸਾਡੇ ਕੋਲ ਦੁਨੀਆਂ ਦੀ ਸੱਭ ਤੋਂ ਮਜ਼ਬੂਤ ਫੌਜ ਹੈ। ਮੈ ਕੱਲ੍ਹ ਸਵੇਰੇ ਇਸ ਵਿਸ਼ੇ 'ਤੇ ਬਿਆਨ ਦੇਵਾਂਗਾ''।
File Photo
ਖੈਰ ਈਰਾਨ ਵੱਲੋਂ ਚੁੱਕੇ ਗਏ ਇਸ ਕਦਮ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਜੰਗ ਦੀ ਸਥਿਤੀ ਪੈਦਾ ਹੋ ਗਈ ਹੈ। ਇਰਾਨ ਦੇ ਵਿਰੋਧੀ ਅਤੇ ਗੁਆਂਢੀ ਮੁਲਕ ਸਾਊਦੀ ਅਰਬ ਅਤੇ ਇਜ਼ਰਾਇਲ ਵੀ ਅਲਰਟ ਹੋ ਗਏ ਹਨ। ਦੂਜੇ ਪਾਸੇ ਅਮਰੀਕਾ ਨੇ ਵੀ ਇਰਾਕ ਵਿਚ ਪਲ-ਪਲ ਦੀ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ। ਖੁਦ ਰਾਸ਼ਟਰਪਤੀ ਟਰੰਪ ਨੇ ਮੌਜੂਦਾ ਹਲਾਤ ਦੀ ਜਾਣਕਾਰੀ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਨਾਲ ਬੈਠਕ ਕੀਤੀ ਹੈ।