
ਅਫ਼ਗਾਨਿਸਤਾਨ ਦੇ ਗਜ਼ਨੀ ਸ਼ਹਿਰ ਦੇ ਪੀਡੀ-3 'ਚ ਗਜ਼ਨੀ ਯੂਨੀਵਰਸਿਟੀ ਦੇ ਕੈਂਪਸ...
ਕਾਬੁਲ : ਅਫ਼ਗਾਨਿਸਤਾਨ ਦੇ ਗਜ਼ਨੀ ਸ਼ਹਿਰ ਦੇ ਪੀਡੀ-3 'ਚ ਗਜ਼ਨੀ ਯੂਨੀਵਰਸਿਟੀ ਦੇ ਕੈਂਪਸ 'ਚ ਧਮਾਕਾ ਹੋਇਆ ਹੈ। ਇਸ 'ਚ ਕਰੀਬ ਅੱਠ ਵਿਦਿਆਰਥਣਾਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈਆਂ ਹਨ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੁਰੱਖਿਆ ਬਲ ਮੌਕੇ 'ਤੇ ਪਹੁੰਚ ਕੇ ਰਾਹਤ ਕੰਮ 'ਚ ਜੁਟੇ ਹੋਏ ਹਨ।
Ghazni University, Afganistan
ਅਜੇ ਕੱਲ੍ਹ ਹੀ ਅਫ਼ਗਾਨਿਸਤਾਨ ਦੇ ਨਾਂਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ 'ਚ ਅਫਗਾਨ ਸੈਨਾ ਦੇ ਵਾਹਨ ਦੇ ਕੋਲ ਇਕ ਰਿਕਸ਼ੇ 'ਚ ਰੱਖੇ ਵਿਸਫੋਟਕ ਪਦਾਰਥ 'ਚ ਧਮਾਕਾ ਹੋਣ ਨਾਲ 10 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ 27 ਹੋਰ ਜ਼ਖ਼ਮੀ ਹੋ ਗਏ ਸੀ। ਦੱਸ ਦਈਏ ਕਿ ਬੀਤੇ ਦਿਨੀਂ ਅਮਰੀਕਾ ਤੇ ਤਾਲਿਬਾਨ ਵਿਚ ਗੱਲਬਾਤ ਰੱਦ ਹੋ ਗਈ ਸੀ, ਜਿਸ ਦੇ ਬਾਅਦ ਅੱਤਵਾਦੀ ਹਮਲਿਆਂ 'ਚ ਤੇਜ਼ੀ ਆਈ ਹੈ।
ਸੁਰੱਖਿਆ ਬਲਾਂ ਤੇ ਤਾਲਿਬਾਨ ਲੜਾਕੂਆਂ ਦੇ ਵਿਚ ਸਖ਼ਤ ਸੰਘਰਸ਼ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਐਤਵਾਰ ਨੂੰ ਇਕ ਰਿਪੋਰਟ ਆਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਅਫ਼ਗਾਨਿਸਤਾਨ ਦੇ ਤਾਹਰ ਸੂਬੇ 'ਚ ਅੱਤਵਾਦੀਆਂ ਖ਼ਿਲਾਫ਼ ਆਪ੍ਰੇਸ਼ਨ ਆਲ ਆਊਟ ਚਲਾਇਆ ਗਿਆ ਸੀ, ਜਿਸ 'ਚ 89 ਤਾਲਿਬਾਨੀ ਅੱਤਵਾਦੀ ਮਾਰੇ ਗਏ ਸੀ।