
ਨਰਿੰਦਰ ਮੋਦੀ 9ਵੇਂ ਨੰਬਰ 'ਤੇ
ਨਿਊਯਾਰਕ, ਪ੍ਰਸਿੱਧ ਮੈਗਜ਼ੀਨ ਫੋਰਬਸ ਨੇ ਸੱਭ ਤੋਂ ਤਾਕਤਵਰ ਲੋਕਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਧਰਤੀ 'ਤੇ ਲਗਭਗ 7.5 ਬਿਲਿਅਨ ਲੋਕ ਹਨ, ਪਰ ਸਿਰਫ਼ 75 ਲੋਕਾਂ ਨੇ ਦੁਨੀਆਂ ਨੂੰ ਇਕ ਵੱਖਰਾ ਰੂਪ ਦੇਣ ਦਾ ਕੰਮ ਕੀਤਾ ਹੈ। ਫੋਰਬਸ ਨੇ '100 ਵਰਲਡ ਮੋਸਟ ਪਾਵਰਫੁਲ ਪਰਸਨ 2018' ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪਹਿਲੇ ਨੰਬਰ 'ਤੇ ਹਨ। ਇਸੇ ਸਾਲ ਚੀਨ ਕਮਿਊਨਿਸਟ ਪਾਰਟੀ ਨੇ ਅਪਣੇ ਸੰਵਿਧਾਨ 'ਚ ਬਦਲਾਅ ਕਰ ਕੇ ਸ਼ੀ ਜਿਨਪਿੰਗ ਨੂੰ ਜ਼ਿੰਦਗੀ ਭਰ ਲਈ ਰਾਸ਼ਟਰਪਤੀ ਐਲਾਨਿਆ ਹੈ। ਚੀਨ 'ਚ ਮਾਓ ਜੇਡਾਂਗ ਮਗਰੋਂ ਸ਼ੀ ਜਿਨਪਿੰਗ ਸੱਭ ਤੋਂ ਪਾਵਰਫੁਲ ਆਗੂ ਬਣ ਕੇ ਉਭਰੇ ਹਨ। ਇਸ ਦੀ ਟਾਪ-10 ਸੂਚੀ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ। ਮੋਦੀ ਨੂੰ 9ਵੇਂ ਨੰਬਰ 'ਤੇ ਰਖਿਆ ਗਿਆ ਹੈ। ਉਥੇ ਹੀ ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਵੀ ਫ਼ੋਰਬਸ ਨੇ 32ਵਾਂ ਤਾਕਤਵਰ ਵਿਅਕਤੀ ਦਸਿਆ ਹੈ ਅਤੇ ਸਾਈਕ੍ਰੋਸਾਫ਼ਟ ਦੇ ਸੀ.ਈ.ਓ. ਸਤਿਆ ਨਡੇਲਾ 42ਵੇਂ ਨੰਬਰ 'ਤੇ ਹਨ।ਸ਼ੀ ਜਿਨਪਿੰਗ ਤੋਂ ਬਾਅਦ ਦੂਜਾ ਨੰਬਰ ਵਲਾਦਿਮੀਰ ਪੁਤਿਨ ਦਾ ਹੈ, ਜੋ 1999 ਤੋਂ ਰੂਸ ਦੀ ਸੱਤਾ 'ਚ ਕਾਬਜ਼ ਹੈ ਅਤੇ ਇਸੇ ਮਹੀਨੇ ਉਨ੍ਹਾਂ ਨੇ ਚੌਥੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਪੁਤਿਨ ਨੂੰ ਇਸੇ ਸਾਲ ਚੋਣਾਂ 'ਚ ਲਗਭਗ 77 ਫ਼ੀ ਸਦੀ ਲੋਕਾਂ ਦਾ ਸਮਰਥਨ ਮਿਲਿਆ ਸੀ। ਸੋਵੀਅਤ ਯੂਨੀਅਨ ਦੇ ਖ਼ਤਮ ਹੋਣ ਮਗਰੋਂ ਪਹਿਲੀ ਵਾਰ ਕਿਸੇ ਰੂਸੀ ਰਾਸ਼ਟਰਪਤੀ ਦੀ ਇੰਨੀ ਵੱਡੀ ਜਿੱਤ ਮੰਨੀ ਜਾ ਰਹੀ ਹੈ।
xi jinping
1991 'ਚ ਸੋਵੀਅਤ ਯੂਨੀਅਨ ਦੇ ਢਹਿ ਜਾਣ ਮਗਰੋਂ ਰੂਸ ਫਿਰ ਇਕ ਵੱਡੀ ਸ਼ਕਤੀ ਬਣ ਕੇ ਉਭਰਿਆ ਹੈ, ਜਿਸ 'ਚ ਪੁਤਿਨ ਦੀ ਵੱਡੀ ਭੂਮਿਕਾ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੀਜੇ ਨੰਬਰ 'ਤੇ ਹਨ। ਪਿਛਲੇ ਸਾਲ ਉਹ ਦੂਜੇ ਨੰਬਰ 'ਤੇ ਸਨ। ਅਮਰੀਕੀ ਚੋਣਾਂ 'ਚ ਹੋਈ ਗੜਬੜੀ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਟਰੰਪ ਨੂੰ ਕਾਫ਼ੀ ਬਦਨਾਮੀ ਝੱਲਣੀ ਪਈ ਹੈ। ਜਰਮਨ ਚਾਂਸਲਰ ਏਂਜਲਾ ਮਰਕੇਲ ਨੇ ਪਿਛਲੇ ਸਾਲ ਇਕ ਵਾਰ ਫਿਰ ਜਿੱਤ ਪ੍ਰਾਪਤ ਕੀਤੀ ਸੀ ਅਤੇ ਫ਼ੋਰਬਸ ਨੇ ਉਨ੍ਹਾਂ ਨੂੰ ਚੌਥੇ ਨੰਬਰ 'ਤੇ ਰਖਿਆ ਹੈ।ਫ਼ੋਬਰਸ ਦੀ ਸੂਚੀ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 9ਵੇਂ ਨੰਬਰ 'ਤੇ ਥਾਂ ਮਿਲੀ ਹੈ। ਮੋਦੀ ਸਰਕਾਰ ਨੇ ਮਨੀ ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਨੂੰ ਘੱਟ ਕਰਨ ਲਈ ਨਵੰਬਰ 2016 'ਚ ਨੋਟਬੰਦੀ ਜਿਹਾ ਵੱਡਾ ਫ਼ੈਸਲਾ ਲਿਆ। ਅਪਣੇ ਵਿਦੇਸ਼ੀ ਦੌਰਿਆਂ ਤੋਂ ਇਲਾਵਾ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਕੀਤੀਆਂ ਗਈਆਂ ਅੰਤਰ ਰਾਸ਼ਟਰੀ ਕੋਸ਼ਿਸ਼ਾਂ ਵਿਚ ਮੋਦੀ ਇਕ ਪ੍ਰਮੁੱਖ ਵਿਅਕਤੀ ਦੇ ਰੂਪ ਵਿਚ ਉਭਰੇ ਹਨ। ਪੰਜਵੇਂ ਨੰਬਰ 'ਤੇ ਅਮੇਜ਼ਨ ਦੇ ਸੀ.ਈ.ਓ. ਜੇਫ ਬੇਜੋਸ ਹਨ।ਇਸ ਤੋਂ ਇਲਾਵਾ ਪੋਪ ਫ਼ਰਾਂਸਿਸ 6ਵੇਂ, ਮਾਈਕ੍ਰੋਸਾਫ਼ਟ ਦੇ ਫ਼ਾਊਂਡਰ ਬਿਲ ਗੇਟਸ 7ਵੇਂ, ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਲ ਸਾਊਦ 8ਵੇਂ ਅਤੇ ਗੂਗਲ ਦੇ ਕੋ-ਫ਼ਾਊਂਡਰ ਲੈਰੀ ਪੇਜ 10ਵੇਂ ਨੰਬਰ 'ਤੇ ਹਨ। (ਪੀਟੀਆਈ)