
ਸਾਲ 2012 'ਚ ਇਕਵਾਡੋਰ ਦੇ ਸਫ਼ਾਰਤਖ਼ਾਨੇ 'ਚ ਜੂਲੀਅਨ ਅਸਾਂਜੇ ਨੇ ਪਨਾਹ ਲਈ ਹੋਈ ਸੀ
ਲੰਡਨ : ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਅੱਜ ਬ੍ਰਿਟਿਸ਼ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਬੀਤੇ 7 ਸਾਲ ਤੋਂ ਅਸਾਂਜੇ ਨੇ ਇਕਵਾਡੋਰ ਦੇ ਸਫ਼ਾਰਤਖ਼ਾਨੇ 'ਚ ਪਨਾਹ ਲਈ ਹੋਈ ਸੀ। ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਸਵੀਡਨ ਭੇਜੇ ਜਾਣ ਤੋਂ ਬਚਣ ਲਈ ਅਸਾਂਜੇ ਨੇ ਸਫ਼ਾਰਤਖ਼ਾਨੇ ਨੂੰ ਆਪਣਾ ਟਿਕਾਣਾ ਬਣਾਇਆ ਹੋਇਆ ਸੀ।
Wikileaks
ਲੰਦਨ ਦੀ ਮੈਟ੍ਰੋਪੋਲੀਟਨ ਪੁਲਿਸ ਨੇ ਕਿਹਾ ਕਿ ਫਿਲਹਾਲ ਅਸਾਂਜੇ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਸਾਂਜੇ ਨੇ ਸਾਲ 2010 'ਚ ਵੱਡੀ ਗਿਣਤੀ ਵਿਚ ਅਮਰੀਕੀ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਸੀ। ਅਸਾਂਜੇ ਨੇ ਸਵੀਡਨ ਜਾਣ ਤੋਂ ਬਚਣ ਲਈ 2012 'ਚ ਇਕਵਾਡੋਰ ਦੇ ਸਫ਼ਾਰਤਖ਼ਾਨੇ 'ਚ ਪਨਾਹ ਲਈ ਹੋਈ ਸੀ।
Julian Assange
ਬਾਅਦ 'ਚ ਸਵੀਡਨ ਨੇ ਅਸਾਂਜੇ 'ਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਨੂੰ ਰੱਦ ਕਰ ਦਿੱਤਾ ਸੀ। ਇਸ ਦੇ ਬਾਵਜੂਦ ਅਸਾਂਜੇ ਸਫ਼ਾਰਤਖ਼ਾਨੇ 'ਚ ਹੀ ਰਹਿ ਰਹੇ ਸਨ, ਕਿਉਂਕਿ ਜਮਾਨਤ ਦਾ ਮਾਮਲਾ ਖ਼ਤਮ ਹੋਣ ਕਾਰਨ ਲੰਦਨ 'ਚ ਉਨ੍ਹਾਂ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਸੀ। ਬੀਤੇ ਸਾਲ 12 ਦਸੰਬਰ ਨੂੰ ਉਨ੍ਹਾਂ ਨੂੰ ਇਕਵਾਡੋਰ ਦੀ ਨਾਗਰਿਕਤਾ ਮਿਲੀ ਸੀ।