
ਕੋਵਿਡ-19 ਨਾਲ ਸਬੰਧਿਤ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੇ ਕਾਰਨ ਅਮਰੀਕਾ ਵਿਚ ਫਸੇ ਭਾਰਤੀ
ਨਿਊਯਾਰਕ, 10 ਮਈ : ਕੋਵਿਡ-19 ਨਾਲ ਸਬੰਧਿਤ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੇ ਕਾਰਨ ਅਮਰੀਕਾ ਵਿਚ ਫਸੇ ਭਾਰਤੀ ਨਾਗਰਿਕਾਂ ਵਿਚੋਂ ਕੁਝ ਐਤਵਾਰ ਨੂੰ ਨਿਊਜਰਸੀ ਤੋਂ ਮੁੰਬਈ ਤੇ ਅਹਿਮਦਾਬਾਦ ਦੇ ਲਈ ਇਕ ਵਿਸ਼ੇਸ਼ ਉਡਾਣ ਰਾਹੀਂ ਸਵਦੇਸ਼ ਪਰਤਣਗੇ। ਅਧਿਕਾਰੀਆਂ ਨੇ ਦਸਿਆ ਕਿ ਫਸੇ ਹੋਏ ਹੋਰ ਲੋਕਾਂ ਨੂੰ ਸਵਦੇਸ਼ ਲਿਆਉਣ ਪੰਜ ਹੋਰ ਉਡਾਣਾਂ ਦੀ ਵਿਵਸਥਾ ਵੀ ਕੀਤੀ ਗਈ ਹੈ।
ਕੋਵਿਡ-19 ਪਾਬੰਦੀਆਂ ਦੇ ਕਾਰਣ ਅਮਰੀਕਾ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਭਾਰਤ ਵਿਚ ਵਾਪਸੀ ਦੇ ਲਈ ਏਅਰ ਇੰਡੀਆ ਨੇ ਅਮਰੀਕਾ ਤੋਂ 7 ਗ਼ੈਰ-ਨਿਰਧਾਰਤ ਵਪਾਰਕ ਉਡਾਣਾਂ ਦੀ 9 ਮਈ ਤੋਂ ਸ਼ੁਰੂਆਤ ਕੀਤੀ ਹੈ। ਇਥੇ ਦੂਤਘਰ ਨੇ ਬੁਧਵਾਰ ਦੀ ਰਾਤ ਜਾਰੀ ਐਡਵਾਇਜ਼ਰੀ ਵਿਚ ਕਿਹਾ ਸੀ ਕਿ ਏਅਰ ਇੰਡੀਆ ਦੀਆਂ 9 ਮਈ ਤੋਂ ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ ਦੇ ਲਈ ਅਮਰੀਕਾ ਤੋਂ ਭਾਰਤ ਦੇ ਲਈ 7 ਉਡਾਣਾਂ ਸੰਚਾਲਿਤ ਕਰਨ ਦੀ ਯੋਜਨਾ ਹੈ। ਪਹਿਲੀ ਉਡਾਣ ਸਾਨ ਫ੍ਰਾਂਸਿਸਕੋ ਤੋਂ ਮੁੰਬਈ ਤੇ ਹੈਦਰਾਬਾਦ ਦੇ ਲਈ ਸਨਿਚਰਵਾਰ ਨੂੰ ਰਵਾਨਾ ਹੋਈ ਸੀ।
ਏਅਰ ਇੰਡੀਆ ਦੀ ਉਡਾਣ ਨਿਊਜਰਸੀ ਵਿਚ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਮੰਬਈ ਤੇ ਅਹਮਦਾਬਾਦ ਦੇ ਲਈ ਐਤਵਾਰ ਨੂੰ ਰਵਾਨਾ ਹੋਵੇਗੀ। ਭਾਰਤ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹੁਣ ਤਕ ਦਾ ਸਭ ਤੋਂ ਵੱਡੀ ਮੁਹਿੰਮ 'ਵੰਦੇ ਭਾਰਤ ਮਿਸ਼ਨ' ਚਲਾ ਰਿਹਾ ਹੈ। ਨੇਵਾਰਕ ਤੋਂ 14 ਮਈ ਨੂੰ ਦਿੱਲੀ ਤੇ ਹੈਦਰਾਬਾਦ ਲਈ ਇਕ ਹੋਰ ਫਲਾਈਟ ਰਵਾਨਾ ਹੋਵੇਗੀ। ਫਲਾਈਟ ਵਿਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਸਿਹਤ ਜਾਂਚ ਹੋਵੇਗੀ। ਭਾਰਤ ਪਹੁੰਚਣ 'ਤੇ ਯਾਤਰੀਆਂ ਦੀ ਮੁੜ ਸਿਹਤ ਜਾਂਚ ਕੀਤੀ ਜਾਵੇਗੀ ਤੇ ਉਹਨਾਂ ਨੂੰ ਅਕੋਗਯਾ ਸੇਤੂ ਐਪ ਡਾਊਨਲੋਡ ਕਰਨੀ ਪਵੇਗੀ ਤੇ ਰਜਿਸਟ੍ਰੇਸ਼ਨ ਕਰਨਾ ਪਵੇਗਾ।
ਸਾਰੇ ਯਾਤਰੀਆਂ ਨੂੰ ਭਾਰਤ ਪਹੁੰਚਣ 'ਤੇ ਲਾਜ਼ਮੀ ਤੌਰ 'ਤੇ 14 ਦਿਨਾਂ ਤਕ ਕੁਆਰੰਟੀਨ ਸੈਂਟਰਾਂ ਵਿਚ ਰਹਿਣਾ ਪਵੇਗਾ ਤੇ ਇਸ ਤੋਂ ਬਾਅਦ ਕੋਵਿਡ-19 ਜਾਂਚ ਕੀਤੀ ਜਾਵੇਗੀ ਤੇ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਨਿਊਜਰਸੀ ਤੋਂ ਦੋ ਉਡਾਣਾਂ ਤੋਂ ਇਲਾਵਾ, ਸ਼ਿਕਾਗੋ ਤੋਂ 11 ਮਈ ਨੂੰ ਮੁੰਬਈ ਤੇ ਚੇਨਈ ਦੇ ਲਈ ਤੇ 15 ਮਈ ਨੂੰ ਦਿੱਲੀ ਤੇ ਹੈਦਰਾਬਾਦ ਦੇ ਲਈ ਦੋ ਉਡਾਣਾਂ ਰਵਾਨਾ ਹੋਣਗੀਆਂ।
ਵਾਸ਼ਿੰਗਟਨ ਡੀਸੀ ਤੋਂ ਇਕਲੌਤੀ ਉਡਾਣ 12 ਮਈ ਨੂੰ ਦਿੱਲੀ ਤੇ ਹੈਦਰਾਬਾਦ ਦੇ ਲਈ ਸੰਚਾਲਿਤ ਹੋਵੇਗੀ। 'ਵੰਦੇ ਭਾਰਤ' ਮਿਸ਼ਨ ਦੇ ਤਹਿਤ ਭਾਰਤ ਖਾੜੀ ਤੇ ਬ੍ਰਿਟੇਨ ਤੋਂ ਅਪਣੇ ਨਾਗਰਿਕਾਂ ਨੂੰ ਪਹਿਲਾਂ ਹੀ ਸਵਦੇਸ਼ ਲਿਆ ਚੁੱਕਾ ਹੈ। ਆਉਣ ਵਾਲੇ ਦਿਨਾਂ ਵਿਚ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣਾਂ ਤੋਂ ਲਗਭਗ 15 ਹਜ਼ਾਰ ਭਾਰਤੀਆਂ ਦੇ ਪਰਤਣ ਦੀ ਉਮੀਦ ਹੈ। (ਪੀਟੀਆਈ)