
ਸਰਕਾਰ ਅਤੇ ਐਫ.ਬੀ.ਆਈ. ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ
ਨਿਊਯਾਰਕ, 12 ਅਗੱਸਤ : ਅਮਰੀਕਾ ਦੀ ਇਕ ਜੇਲ 'ਚ ਜਿਨਸੀ ਸੋਸ਼ਣ ਦੇ ਦੋਸ਼ੀ, ਦੇਹ ਵਪਾਰੀ ਅਤੇ ਅਮਰੀਕੀ ਫ਼ਾਇਨਾਂਸਰ ਜੇਫ਼ਰੀ ਐਪਸਟੀਨ ਦੀ ਆਤਮ-ਹਤਿਆ ਨੂੰ ਲੈ ਕੇ ਐਤਵਾਰ ਨੂੰ ਦੇਸ਼ ਭਰ 'ਚ ਨਾਰਾਜ਼ਗੀ ਹੋਰ ਵਧ ਗਈ। ਕਈ ਅਮਰੀਕੀ ਸੰਸਦ ਮੈਂਬਰਾਂ ਨੇ ਇਸ ਨੂੰ ਲੈ ਕੇ ਜਵਾਬਦੇਹੀ ਮੰਗੀ ਹੈ ਅਤੇ ਸ਼ੱਕ ਪ੍ਰਗਟਾਇਆ ਹੈ ਕਿ ਉਸ ਦੀ ਮੌਤ ਪਿੱਛੇ ਕੋਈ 'ਅਪਰਾਧਕ ਕਾਰਨਾਮਾ' ਹੋ ਸਕਦਾ ਹੈ। ਅਮਰੀਕੀ ਫ਼ਾਇਨਾਂਸਰ ਜੇਫ਼ਰੀ ਐਪਸਟੀਨ ਸਨਿਚਰਵਾਰ ਨੂੰ ਜੇਲ 'ਚ ਮਰਿਆ ਹੋਇਆ ਮਿਲਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਆਤਮ-ਹਤਿਆ ਕੀਤੀ।
Jeffrey Epstein's death
ਅਮਰੀਕਾ 'ਚ ਇਸ ਗੱਲ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਜੇਲ 'ਚ ਬੰਦ ਹਾਈ-ਪ੍ਰੋਫ਼ਾਇਲ ਵਿਅਕਤੀ ਨੇ ਆਤਮ ਹਤਿਆ ਕਿਵੇਂ ਕਰ ਲਈ। ਸਰਕਾਰ ਅਤੇ ਐਫ.ਬੀ.ਆਈ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਨੇਤਾਵਾਂ, ਕਾਨੂੰਨ ਪਰਿਵਰਤਨ ਅਧਿਕਾਰੀਆਂ ਅਤੇ ਪੀੜਤਾਂ ਨੇ ਇਸ 'ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਐਪਸਟੀਨ ਨੇ ਹਾਲ ਹੀ 'ਚ ਆਤਮ ਹਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਬਾਅਦ ਉਸ 'ਤੇ ਪੂਰੀ ਨਜ਼ਰ ਰਖਣੀ ਚਾਹੀਦੀ ਸੀ, ਤਾਂ ਅਜਿਹੇ 'ਚ ਉਸ ਨੇ ਅਪਣੀ ਜਾਨ ਕਿਵੇਂ ਲੈ ਲਈ।
Jeffrey Epstein's death
ਐਪਸਟੀਨ ਦੇ ਕਈ ਨੇਤਾਵਾਂ ਅਤੇ ਮਸ਼ਹੂਰ ਲੋਕਾਂ ਨਾਲ ਨੇੜਲੇ ਸਬੰਧ ਸਨ। ਅਮਰੀਕਾ ਦੇ ਨਿਆਂ ਵਿਭਾਗ ਨੇ ਦਸਿਆ ਕਿ ਐਪਸਟੀਨ ਨਿਊਯਾਰਕ ਦੇ ਮੈਟਰੋਪੋਲਿਟਨ ਸੁਧਾਰ ਕੇਂਦਰ 'ਚ ਮਰਿਆ ਹੋਇਆ ਮਿਲਿਆ। ਉਸ ਨੇ ਸਪੱਸ਼ਟ ਰੂਪ ਨਾਲ ਆਤਮ ਹਤਿਆ ਕੀਤੀ ਹੈ। ਅਮਰੀਕਾ ਦੇ ਅਟਾਰਨੀ ਜਨਰਲ ਬਿੱਲ ਬਾਰ ਨੇ ਦਸਿਆ ਕਿ ਉਹ ਇਸ ਘਟਨਾ ਨਾਲ ਹੈਰਾਨ ਹਨ ਅਤੇ ਉਨ੍ਹਾਂ ਨੇ ਨਿਆਂ ਵਿਭਾਗ ਦੇ ਜਾਂਚ ਅਧਿਕਾਰੀਆਂ ਨੂੰ ਸਥਿਤੀ ਦੀ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ, ''ਐਪਸਟੀਨ ਦੀ ਮੌਤ ਗੰਭੀਰ ਪ੍ਰਸ਼ਨ ਖੜ੍ਹੇ ਕਰਦੀ ਹੈ, ਜਿਨ੍ਹਾਂ ਦਾ ਜਵਾਬ ਦਿਤਾ ਜਾਣਾ ਚਾਹੀਦਾ ਹੈ।''
Jeffrey Epstein's death
ਉਨ੍ਹਾਂ ਨੇ ਕਿਹਾ ਕਿ ਐਫ.ਬੀ.ਆਈ. ਵੀ ਜਾਂਚ ਕਰ ਰਹੀ ਹੈ। ਡੈਮੋਕ੍ਰੇਟਿਕ ਸੈਨੇਟਰ ਅਤੇ ਪਾਰਟੀ ਵਲੋਂ 2020 ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ 'ਚ ਸ਼ਾਮਲ ਕ੍ਰਿਸਟਨ ਗਿਲੀਬ੍ਰੈਂਡ ਨੇ ਐਤਵਾਰ ਨੂੰ ਤਿੱਖੀ ਪ੍ਰਤੀਕਿਰਿਆ ਦਿਤੀ। ਉਨ੍ਹਾਂ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ ਉਸ ਨੇ ਆਤਮ-ਹਤਿਆ ਕਰ ਲਈ। ਜ਼ਿਕਰਯੋਗ ਹੈ ਕਿ ਕਿਹਾ ਜਾ ਰਿਹਾ ਸੀ ਕਿ ਉਸ ਨੇ ਜੇਲ 'ਚ ਫਾਂਸੀ ਲਗਾ ਲਈ ਸੀ ਪਰ ਅਜੇ ਤਕ ਮੈਡੀਕਲ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਕਿ ਉਸ ਦੀ ਮੌਤ ਕਿਵੇਂ ਹੋਈ। 66 ਸਾਲਾ ਐਪਸਟੀਨ 23 ਜੁਲਾਈ ਨੂੰ ਵੀ ਬੇਹੋਸ਼ ਮਿਲਿਆ ਸੀ ਤੇ ਉਸ ਦੇ ਗਲੇ 'ਤੇ ਨਿਸ਼ਾਨ ਸਨ। ਇਸ ਤੋਂ ਬਾਅਦ ਉਸ ਨੂੰ ਸਖ਼ਤ ਸੁਰੱਖਿਆ ਵਾਲੀ ਜੇਲ 'ਚ ਭੇਜਿਆ ਗਿਆ। ਉਸ 'ਤੇ ਨਾਬਾਲਗ਼ ਕੁੜੀਆਂ ਦਾ ਦੇਹ ਵਪਾਰ ਕਰਨ ਦੇ ਵੀ ਦੋਸ਼ ਸਨ, ਜਿਨ੍ਹਾਂ 'ਚੋਂ ਕੁਝ ਦੋਸ਼ ਉਹ ਮੰਨ ਵੀ ਚੁੱਕਾ ਸੀ।