
ਇਸੇ ਮਹੀਨੇ ਭਾਰਤ ਆਉਣਗੇ ਮਾਈਕ ਪੋਂਪੀਓ
ਵਾਸ਼ਿੰਗਟਨ : ਭਾਰਤ ਦੌਰੇ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਮੋਦੀ ਹੈ ਤਾਂ ਮੁਮਕਿਨ ਹੈ। ਇਸ ਦੇ ਨਾਲ ਉਨ੍ਹਾਂ ਭਾਰਤ ਤੇ ਅਮਰੀਕਾ ਦੇ ਸਬੰਧਾਂ ਨੂੰ ਨਵੀਂਆਂ ਉਚਾਈਆਂ ਵਲ ਲਿਜਾਣ ਦੀ ਇੱਛਾ ਪ੍ਰਗਟ ਕੀਤੀ। ਇਸ ਮਹੀਨੇ ਭਾਰਤ ਦੀ ਆਪਣੀ ਯਾਤਰਾ ਅਤੇ ਮੋਦੀ ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਲਈ ਉਤਾਵਲੇ ਪੋਂਪੀਓ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਅਪਣੇ ਸਬੰਧਾਂ ਨੂੰ ਨਵੇਂ ਪੱਧਰ 'ਤੇ ਲਿਜਾ ਸਕਦੇ ਹਨ।
Narendra Modi
ਦੋਹਾਂ ਦੇਸ਼ਾਂ ਕੋਲ ਅਪਣੇ ਦੇਸ਼ ਦੇ ਲੋਕਾਂ ਅਤੇ ਬਾਕੀ ਦੁਨੀਆਂ ਦੀ ਭਲਾਈ ਲਈ ਇਕੱਠੇ ਅੱਗੇ ਹੋ ਕੇ ਕੰਮ ਕਰਨ ਦੀ ਇਕ ਵਧੀਆ ਮੌਕਾ ਹੈ। ਪੋਂਪੀਓ 24 ਤੋਂ 30 ਜੂਨ ਤਕ ਭਾਰਤ, ਸ੍ਰੀਲੰਕਾ, ਜਾਪਾਨ ਅਤੇ ਦਖਣੀ ਕੋਰੀਆ ਦੀ ਯਾਤਰਾ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਿਚ ਅਮਰੀਕਾ ਰਖਿਆ ਸਹਿਯੋਗ ਨੂੰ ਇਕ ਨਵੇਂ ਪੱਧਰ ਤਕ ਲੈ ਕੇ ਗਿਆ ਹੈ ਤੇ ਅਮਰੀਕਾ ਨੇ ਅਤਿਵਾਦ ਨੂੰ ਲੈ ਕੇ ਪਾਕਿਸਤਾਨ ਵਿਰੁਧ ਸਖ਼ਤੀ ਵਰਤੀ ਹੈ। ਪੋਂਪੀਓ ਨੇ ਕਿਹਾ ਕਿ ਉਹ ਖ਼ਦਮੁਖਤਿਆਰ ਤਾਕਤ ਦੇ ਤੌਰ 'ਤੇ ਭਾਰਤ ਦਾ ਸਨਮਾਨ ਕਰਦੇ ਹਨ ਜਿਸ ਦੀਆਂ ਅਪਣੀਆਂ ਸਿਆਸੀ ਅਤੇ ਕਈ ਹੋਰ ਚੁਨੌਤੀਆਂ ਹਨ।
Mike Pompeo
ਉਨ੍ਹਾਂ ਕਿਹਾ ਕਿ ਅਮਰੀਕਾ ਦਾ ਭਾਰਤ ਨਾਲ ਲੰਮੇਂ ਸਮੇਂ ਤੋਂ ਵਧੀਆ ਸਬੰਧ ਰਹੇ ਹਨ ਅਤੇ ਹੁਣ ਇਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਦਾ ਸਮਾਂ ਆ ਗਿਆ ਹੈ। ਦੋਹਾਂ ਦੇਸ਼ਾਂ ਨੂੰ ਇਸ ਨਿਜੀ ਦੋਸਤੀ ਨੂੰ ਰਸਮੀ ਰੂਪ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਪਣੇ ਨਵੇਂ ਹਮਰੁਤਬਾ ਜੈਸ਼ੰਕਰ ਦੇ ਰੂਪ ਵਿਚ ਮਜ਼ਬੂਤ ਭਾਈਵਾਲ ਹੈ। ਜੈਸ਼ੰਕਰ ਅਮਰੀਕਾ ਵਿਚ ਭਾਰਤ ਦੇ ਸਫ਼ੀਰ ਵੀ ਰਹਿ ਚੁੱਕੇ ਹਨ। ਭਾਰਤ ਅਤੇ ਅਮਰੀਕਾ ਨੂੰ ਅਜਿਹੇ ਸਿਆਸੀ ਢਾਂਚੇ ਨੂੰ ਅਪਣਾਉਣਾ ਹੋਵੇਗਾ ਜੋ ਦੋਹਾਂ ਦੇਸ਼ ਲਈ ਕਾਰਗਰ ਹੋਵੇ। ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਨੂੰ ਦੁਨੀਆਂ ਦੇ ਸੱਭ ਤੋਂ ਪੁਰਾਣੇ ਲੋਕਤੰਤਰ ਨਾਲ ਹੱਥ ਮਿਲਾਉਣਾ ਚਾਹੀਦਾ ਹੈ ਤਾਕਿ ਹਿੰਦ-ਪ੍ਰਸ਼ਾਂਤ ਖੇਤਰ ਲਈ ਅਪਣੀ ਸਾਂਝੀ ਸੋਚ ਨੂੰ ਅੱਗੇ ਲਿਜਾਇਆ ਜਾ ਸਕੇ।