
ਕਿਹਾ - ਈਰਾਨ ਨੇ ਘਟਨਾ ਵਿਚ ਅਪਣੀ ਸ਼ਮੂਲੀਅਤ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ
ਦੁਬਈ : ਅਮਰੀਕੀ ਫ਼ੌਜ ਨੇ ਸ਼ੁਕਰਵਾਰ ਨੂੰ ਇਕ ਵੀਡੀਉ ਜਾਰੀ ਕਰ ਕੇ ਦਾਅਵਾ ਕੀਤਾ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਹੋਰਮੁਜ ਜਲਸੰਧੀ ਦੇ ਨੇੜੇ ਨਿਸ਼ਾਨਾ ਬਣਾਏ ਗਏ ਇਕ ਤੇਲ ਟੈਂਕਰ ਤੋਂ ਜ਼ਿੰਦਾ ਬੰਬ ਹਟਾਏ ਸਨ। ਅਮਰੀਕਾ ਨੇ ਇਹ ਵੀਡੀਉ ਜਾਰੀ ਕਰ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਈਰਾਨ ਨੇ ਘਟਨਾ ਵਿਚ ਅਪਣੀ ਸ਼ਮੂਲੀਅਤ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਅਮਰੀਕੀ ਨੇਵੀ ਈਰਾਨ ਦੇ ਤਟ 'ਤੇ ਓਮਾਨ ਖਾੜੀ ਵਿਚ ਸੰਕਟਗ੍ਰਸਤ ਬੇੜਿਆਂ ਦੀ ਮਦਦ ਲਈ ਗਈ ਸੀ।
Burning tanker
ਬੇੜਿਆਂ ਦੇ ਸੰਚਾਲਕਾਂ ਨੇ ਫ਼ਿਲਹਾਲ ਸਪਸ਼ਟ ਨਹੀਂ ਕੀਤਾ ਹੈ ਕਿ ਨਾਰਵੇ ਦੀ ਮਾਲਕੀ ਵਾਲੀ ਐਮ.ਟੀ. ਫਰੰਟ ਅਲਟਾਇਰ ਅਤੇ ਜਾਪਾਨ ਦੀ ਮਲਕੀਅਤ ਵਾਲੇ ਕੋਕੁਕਾ ਕਰੇਜੀਅਸ ਬੇੜਿਆਂ ਨੂੰ ਕਿਸ ਨੇ ਅਤੇ ਕਿਉਂ ਨੁਕਸਾਨ ਪਹੁੰਚਾਇਆ? ਇਨ੍ਹਾਂ ਬੇੜਿਆਂ ਵਿਚ ਪਟਰੌਲੀਅਮ ਪਦਾਰਥ ਭਰਿਆ ਸੀ ਅਤੇ ਫ਼ਰੰਟ ਅਲਟਾਇਰ ਵਿਚ ਘੰਟਿਆਂਬੱਧੀ ਅੱਗ ਲੱਗੀ ਰਹੀ ਜਿਸ ਨਾਲ ਸੰਘਣਾ ਅਤੇ ਕਾਲਾ ਧੂੰਆਂ ਉੱਠਦਾ ਰਿਹਾ। ਈਰਾਨ ਨੇ ਇਸ ਹਮਲੇ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਇਸ ਨੂੰ ਅਮਰੀਕਾ ਦੇ ਈਰਾਨ ਵਿਰੋਧੀ ਮੁਹਿੰਮ ਦਾ ਬੇਤੁਕਾ ਦਾਅਵਾ ਕਰਾਰ ਦਿਤਾ ਹੈ।
Burning tanker
ਹਾਲਾਂਕਿ ਈਰਾਨ 1987 ਅਤੇ 1988 ਵਿਚ ਟੈਂਕਰ ਜੰਗ ਦੌਰਾਨ ਤੇਲ ਟੈਂਕਰਾਂ ਵਿਰੁਧ ਬੰਬਾਂ ਦੀ ਵਰਤੋਂ ਕਰ ਚੁੱਕਾ ਹੈ, ਜਦੋਂ ਅਮਰੀਕੀ ਨੇਵੀ ਇਸ ਖੇਤਰ ਤੋਂ ਲੰਘਣ ਵਾਲੇ ਬੇੜਿਆਂ ਦੀ ਰਖਿਆ ਕਰਦੀ ਸੀ। ਅਮਰੀਕੀ ਫ਼ੌਜ ਦੇ ਕੇਂਦਰੀ ਕਮਾਨ ਵਲੋਂ ਜਾਰੀ ਬਲੈਕ ਐਂਡ ਵ੍ਹਾਈਟ ਫੁਟੇਜ ਅਤੇ ਤਸਵੀਰਾਂ ਵਿਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਕ ਬੇੜੇ 'ਤੇ ਜ਼ਿੰਦਾ ਬੰਬ ਸਨ। ਕੇਂਦਰੀ ਕਮਾਨ ਦੇ ਬੁਲਾਰੇ ਕੈਪਟਨ ਬਿਲ ਅਰਬਨ ਨੇ ਕਿਹਾਕਿ ਈਰਾਨ ਦੇ ਦਸਤੇ ਨੇ ਇਸ ਬੇੜੇ ਤੋਂ ਜ਼ਿੰਦਾ ਬੰਬ ਹਟਾਏ ਸਨ।