
ਵਿਦੇਸ਼ੀ ਧਰਤੀ 'ਤੇ ਆਏ ਦਿਨ ਭਾਰਤੀ ਭਾਈਚਾਰੇ ਦੇ ਲੋਕ ਨਸਲੀ ਹਮਲੇ ਦੇ ਸ਼ਿਕਾਰ ਬਣ ਰਹੇ ਹਨ...........
ਮੈਲਬੌਰਨ : ਵਿਦੇਸ਼ੀ ਧਰਤੀ 'ਤੇ ਆਏ ਦਿਨ ਭਾਰਤੀ ਭਾਈਚਾਰੇ ਦੇ ਲੋਕ ਨਸਲੀ ਹਮਲੇ ਦੇ ਸ਼ਿਕਾਰ ਬਣ ਰਹੇ ਹਨ। ਭਾਰਤੀਆਂ 'ਤੇ ਨਫਰਤ ਅਪਰਾਧ ਕਾਰਨ ਕੁੱਟਮਾਰ ਤੇ ਨਸਲੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ, ਬਸ ਇੰਨਾ ਹੀ ਨਹੀਂ ਉਨ੍ਹਾਂ ਨੂੰ ਅਪਣੇ ਦੇਸ਼ ਵਾਪਸ ਜਾਣ ਦੀ ਧਮਕੀਆਂ ਤਕ ਦਿਤੀਆਂ ਜਾਂਦੀਆਂ ਹਨ।
ਤਾਜ਼ਾ ਮਾਮਲਾ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਸਾਹਮਣੇ ਆਇਆ ਹੈ, ਜਿੱਥੇ ਇਕ 24 ਸਾਲਾ ਭਾਰਤੀ ਨੌਜਵਾਨ ਨਸਲੀ ਟਿੱਪਣੀ ਦਾ ਸ਼ਿਕਾਰ ਹੋਇਆ ਹੈ।
ਇਸ ਭਾਰਤੀ ਨੌਜਵਾਨ ਦਾ ਨਾਂ ਹੈ ਓਂਕਾਰ ਸਿੰਘ, ਜੋ ਕਿ ਮੈਲਬੌਰਨ ਦੇ ਦੱਖਣੀ-ਪੂਰਬੀ ਇਲਾਕੇ ਮੈਂਟੋਨ ਦੇ ਇਕ ਸ਼ਾਪਿੰਗ ਸੈਂਟਰ ਦੇ ਫਾਸਟ ਫੂਡ ਰੈਸਟੋਰੈਂਟ 'ਚ ਕੰਮ ਕਰਦਾ ਹੈ। ਓਂਕਾਰ ਨੇ ਦਸਿਆ ਕਿ ਮੰਗਲਵਾਰ ਦੀ ਰਾਤ ਨੂੰ ਜਦੋਂ ਉਹ ਅਪਣੀ ਸ਼ਿਫਟ ਖਤਮ ਕਰਨ ਮਗਰੋਂ ਘਰ ਜਾਨ ਲੱਗਾ ਸੀ ਤਾਂ ਉਸ ਨੇ ਅਪਣੀ ਕਾਰ 'ਤੇ ਇਕ ਨੋਟ ਦੇਖਿਆ ਜਿਸ ਨੂੰ ਦੇਖ ਕੇ ਉਹ ਹੈਰਾਨ ਰਿਹਾ ਗਿਆ। ਇਸ ਨੋਟ 'ਤੇ ਨਸਲੀ ਟਿੱਪਣੀ ਲਿਖੀ ਹੋਈ ਸੀ। ਨੋਟ 'ਤੇ ਲਿਖਿਆ ਸੀ, ''ਇੰਡੀਅਨਜ਼ ਗੋਅ ਬੈਕ ਹੋਮ ਨਾਓ।''
ਓਂਕਾਰ ਨੇ ਅੱਗੇ ਦਸਿਆ ਕਿ ਜਦੋਂ ਉਸ ਨੇ ਨੋਟ ਨੂੰ ਦੇਖਿਆ ਤਾਂ ਪਹਿਲਾਂ ਸਮਝਿਆ ਕਿ ਇਹ ਕੋਈ ਪਾਰਕਿੰਗ ਟਿਕਟ ਹੈ ਪਰ ਇਹ ਨੋਟ ਮੇਰੇ ਲਈ ਕਾਫੀ ਹੈਰਾਨ ਕਰਨ ਵਾਲਾ ਸੀ। ਉਸ ਨੇ ਕਿਹਾ ਕਿ ਅੱਜ ਮੇਰੀ ਗੱਡੀ 'ਤੇ ਨੋਟ ਮਿਲਿਆ ਹੈ, ਹੋ ਸਕਦਾ ਹੈ ਕਿ ਕੱਲ ਨੂੰ ਮੇਰੀ ਗੱਡੀ ਨੂੰ ਜਾਂ ਮੈਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਉਸ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਉਸ ਨੂੰ ਜਾਣ ਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ ਪਰ ਅਜਿਹੀ ਟਿੱਪਣੀ ਕਰਨ ਵਾਲਾ ਜੋ ਕੋਈ ਵੀ ਹੈ, ਉਸ ਨੂੰ ਮੇਰੇ ਬਾਰੇ ਪਤਾ ਹੈ ਕਿ ਮੈਂ ਇਕ ਭਾਰਤੀ ਹਾਂ।
Racial Discrimination Note
ਓਂਕਾਰ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਵਿਕਟੋਰੀਆ ਪੁਲਿਸ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਿਤੀ ਹੈ। ਪੁਲਿਸ ਸ਼ਾਪਿੰਗ ਸੈਂਟਰ ਦੇ ਬਾਹਰ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਮਹੀਨੇ ਮੈਂਟੋਨ ਨਾਲ ਲੱਗਦੇ ਮਾਰਬਿਨ ਇਲਾਕੇ 'ਚ ਇਕ ਭਾਰਤੀ ਪ੍ਰਵਾਸੀ ਦੀ ਕਾਰ 'ਤੇ ਅਜਿਹਾ ਹੀ ਨੋਟ ਚਿਪਕਾਇਆ ਗਿਆ ਸੀ, ਜਿਸ 'ਤੇ ਲਿਖਿਆ ਸੀ, ''ਏਸ਼ੀਅਨ ਆਊਟ, ਇੰਡੀਅਨਜ਼ ਆਊਟ, ਆਸਟ੍ਰੇਲੀਆ ਇਜ਼ ਫੁੱਲ।'' ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਨੋਟ 'ਤੇ ਲਿਖੀ ਗਈ ਲਿਖਾਈ ਓਂਕਾਰ ਦੀ ਕਾਰ 'ਤੇ ਮਿਲੇ ਨੋਟ ਨਾਲ ਹੂ-ਬ-ਹੂ ਮਿਲਦੀ ਹੈ।(ਏਜੰਸੀਆਂ)
ਇਸ ਨਸਲੀ ਟਿੱਪਣੀ ਦੀ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਸੀ। (ਏਜੰਸੀਆਂ)