
ਅਮਰੀਕਾ 'ਚ ਸਿੱਖਾਂ 'ਤੇ ਵਾਰ-ਵਾਰ ਕੀਤੇ ਜਾ ਰਹੇ ਨਸਲੀ ਹਮਲੇ ਗਹਿਰੀ ਚਿੰਤਾ ਦਾ ਵਿਸ਼ਾ ਹਨ.............
ਅੰਮ੍ਰਿਤਸਰ : ਅਮਰੀਕਾ 'ਚ ਸਿੱਖਾਂ 'ਤੇ ਵਾਰ-ਵਾਰ ਕੀਤੇ ਜਾ ਰਹੇ ਨਸਲੀ ਹਮਲੇ ਗਹਿਰੀ ਚਿੰਤਾ ਦਾ ਵਿਸ਼ਾ ਹਨ ਅਤੇ ਭਾਰਤ ਸਰਕਾਰ ਨੂੰ ਇਹ ਮਾਮਲਾ ਅਮਰੀਕਾ ਸਰਕਾਰ ਪਾਸ ਸੰਜੀਦਗੀ ਨਾਲ ਉਠਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੁੱਖ ਨਾਲ ਕਿਹਾ ਕਿ ਅਮਰੀਕਾ 'ਚ ਇਕ ਹਫ਼ਤੇ ਅੰਦਰ ਹੀ ਦੋ ਸਿੱਖਾਂ ਨੂੰ ਨਫ਼ਰਤੀ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ।
ਉਨ੍ਹਾਂ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਕੈਲੇਫੋਰਨੀਆ 'ਚ 50 ਸਾਲਾ ਸ. ਸੁਰਜੀਤ ਸਿੰਘ ਮੱਲੀ 'ਤੇ ਨਸਲੀ ਹਮਲੇ ਦੀਆਂ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਹੁਣ 71 ਸਾਲਾ ਇਕ ਬਜ਼ੁਰਗ ਸਿੱਖ ਸ. ਸਾਹਿਬ ਸਿੰਘ ਦੀ ਕੈਲੇਫ਼ੋਰਨੀਆ ਦੇ ਹੀ ਇਕ ਇਲਾਕੇ ਵਿਚ ਕੁੱਟਮਾਰ ਕੀਤੀ ਗਈ ਹੈ। ਨਫ਼ਰਤੀ ਅਪਰਾਧਾਂ ਦੀਆਂ ਅਮਰੀਕਾ ਅੰਦਰ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਸ਼੍ਰੋਮਣੀ ਕਮੇਟੀ ਵਲੋਂ ਪੱਤਰ ਲਿਖਿਆ ਜਾਵੇਗਾ।