
ਨਵੀਂ ਛਾਂਟੀ ਐਲੋਨ ਮਸਕ ਦੇ ਉਸ ਫੈਸਲੇ ਤੋਂ ਇਕ ਹਫਤੇ ਬਾਅਦ ਕੀਤੀ ਗਈ ਹੈ ਜਿਸ ਵਿਚ ਮਸਕ ਨੇ 50 ਫੀਸਦੀ ਸਟਾਫ ਯਾਨੀ ਲਗਭਗ 3,700 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਨਵੀਂ ਦਿੱਲੀ: ਐਲੋਨ ਮਸਕ ਦੁਆਰਾ ਪੁਰਾਣੇ ਟਵਿਟਰ ਕਰਮਚਾਰੀਆਂ ਨੂੰ ਕੱਢਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਪੱਕੇ ਮੁਲਾਜ਼ਮਾਂ ਦੀ ਛਾਂਟੀ ਤੋਂ ਬਾਅਦ ਹੁਣ ਐਲੋਨ ਮਸਕ ਨੇ ਬਿਨ੍ਹਾਂ ਕੋਈ ਅਗਾਊਂ ਸੂਚਨਾ ਦਿੱਤੇ ਕੰਪਨੀ ਤੋਂ 4000 ਕੰਟਰੈਕਟ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਟਵਿਟਰ ਨਾਲ ਜੁੜੇ ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਲਗਭਗ 4000 ਕੰਟਰੈਕਟ ਕਰਮਚਾਰੀਆਂ ਨੇ ਆਪਣੀ ਅਧਿਕਾਰਤ ਈਮੇਲ, ਆਨਲਾਈਨ ਸੇਵਾ ਅਤੇ ਕੰਪਨੀ ਦੇ ਅੰਦਰੂਨੀ ਸੰਚਾਰ ਦਾ ਐਸੇਸ ਗੁਆ ਦਿੱਤਾ ਹੈ।
ਪਲੈਟਮੋਰ ਦੇ ਕੇਸੀ ਨਿਊਟਨ ਨੇ ਟਵੀਟ ਕੀਤਾ, "ਅਪਡੇਟ: ਕੰਪਨੀ ਦੇ ਸਰੋਤ ਮੈਨੂੰ ਦੱਸਦੇ ਹਨ ਕਿ ਟਵਿਟਰ ਨੇ 4,000 ਤੋਂ 5,000 ਕੰਟਰੈਕਟ ਵਰਕਰਾਂ ਨੂੰ ਕੱਢ ਦਿੱਤਾ ਹੈ। ਇਸ ਨਾਲ ਸਮੱਗਰੀ ਸੰਜਮ ਅਤੇ ਕੋਰ ਇਨਫਰਾ ਸੇਵਾ 'ਤੇ ਵੱਡਾ ਪ੍ਰਭਾਵ ਪਵੇਗਾ ਜੋ ਸਾਈਟ ਨੂੰ ਚਲਾਉਂਦੀ ਹੈ ਅਤੇ ਕਾਇਮ ਰੱਖਦੀ ਹੈ।" ਟਵਿਟਰ ਤੋਂ ਇਹ ਨਵੀਂ ਛਾਂਟੀ ਐਲੋਨ ਮਸਕ ਦੇ ਉਸ ਫੈਸਲੇ ਤੋਂ ਇਕ ਹਫਤੇ ਬਾਅਦ ਕੀਤੀ ਗਈ ਹੈ ਜਿਸ ਵਿਚ ਮਸਕ ਨੇ ਟਵਿਟਰ ਦੇ 50 ਫੀਸਦੀ ਸਟਾਫ ਯਾਨੀ ਲਗਭਗ 3,700 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇੰਡੀਆ ਦਫਤਰ ਤੋਂ 90 ਫੀਸਦੀ ਸਟਾਫ ਨੂੰ ਕੱਢ ਦਿੱਤਾ ਗਿਆ।
ਰਿਪੋਰਟ ਦੇ ਅਨੁਸਾਰ ਟਵਿਟਰ ਦੇ ਗਲੋਬਲ ਆਪਰੇਸ਼ਨਾਂ ਵਿਚ ਨਵੀਂ ਛਾਂਟੀ ਕੀਤੀ ਗਈ ਹੈ, ਜਿਸ ਵਿਚ ਕੰਟੈਂਟ ਸੰਚਾਲਨ, ਮਾਰਕੀਟਿੰਗ, ਰੀਅਲ ਅਸਟੇਟ, ਇੰਜੀਨੀਅਰਿੰਗ ਅਤੇ ਹੋਰ ਵਿਭਾਗਾਂ ਦੇ ਲੋਕ ਪ੍ਰਭਾਵਿਤ ਹੋਣਗੇ। ਅਕਤੂਬਰ ਵਿਚ 44 ਬਿਲੀਅਨ ਦੇ ਸੌਦੇ ਵਿਚ ਟਵਿਟਰ ਨੂੰ ਖਰੀਦਣ ਤੋਂ ਬਾਅਦ ਮਸਕ ਨੇ ਟਵਿਟਰ ਦੇ ਸਟਾਫ ਨੂੰ ਬਰਖਾਸਤ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਟਵਿਟਰ ਦੇ ਅਹਿਮ ਸੁਰੱਖਿਆ ਅਧਿਕਾਰੀਆਂ ਨੇ ਵੀ ਅਸਤੀਫਾ ਦੇ ਦਿੱਤਾ ਸੀ।