
ਯੂਕਰੇਨ ਦੀ ਰਾਜਧਾਨੀ ਕੀਵ ਸਥਿਤ ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਨਵੀਂ ਦਿੱਲੀ: ਯੂਕਰੇਨ ਦੀ ਰਾਜਧਾਨੀ ਕੀਵ ਸਥਿਤ ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤੀ ਦੂਤਾਵਾਸ ਵਲੋਂ ਜਾਰੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਯੂਕਰੇਨ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਭਾਰਤੀਆਂ ਨੂੰ ਉਥੋਂ ਅਸਥਾਈ ਤੌਰ 'ਤੇ ਘਰ ਪਰਤਣ ਦੀ ਅਪੀਲ ਹੈ।
ਦੂਤਾਵਾਸ ਦਾ ਕਹਿਣਾ ਹੈ ਕਿ ਉੱਥੇ ਰਹਿ ਰਹੇ ਭਾਰਤੀਆਂ ਅਤੇ ਖਾਸਕਰ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਜੇਕਰ ਉਹਨਾਂ ਦਾ ਉੱਥੇ ਰਹਿਣਾ ਬਹੁਤ ਜ਼ਰੂਰੀ ਨਹੀਂ ਹੈ ਤਾਂ ਉਹ ਉਥੋਂ ਵਾਪਸ ਪਰਤ ਸਕਦੇ ਹਨ। ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੇ ਅੰਦਰ ਬੇਲੋੜੀ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ।
ਭਾਰਤੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸਥਿਤੀ ਬਾਰੇ ਦੂਤਾਵਾਸ ਨੂੰ ਸੂਚਿਤ ਕਰਦੇ ਰਹਿਣ ਤਾਂ ਜੋ ਲੋੜ ਪੈਣ 'ਤੇ ਦੂਤਾਵਾਸ ਉਹਨਾਂ ਦੀ ਮਦਦ ਕਰ ਸਕੇ। ਭਾਰਤੀ ਨਾਗਰਿਕਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਭਾਰਤੀ ਦੂਤਾਵਾਸ ਆਮ ਵਾਂਗ ਕੰਮ ਕਰ ਰਿਹਾ ਹੈ।
ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਹੈ। ਹਾਲ ਹੀ ਵਿਚ ਸਥਿਤੀ ਵਿਗੜ ਗਈ ਹੈ। ਅਮਰੀਕਾ ਸਮੇਤ ਕਈ ਪੱਛਮੀ ਦੇਸ਼ਾਂ ਦਾ ਕਹਿਣਾ ਹੈ ਕਿ ਰੂਸ ਕਿਸੇ ਵੀ ਸਮੇਂ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ। ਹਾਲਾਂਕਿ ਰੂਸ ਇਸ ਤੋਂ ਇਨਕਾਰ ਕਰਦਾ ਰਿਹਾ ਹੈ ਪਰ ਹਾਲ ਹੀ ਦੇ ਦਿਨਾਂ ਵਿਚ ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ 'ਤੇ ਸੈਨਿਕਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਕੀਤਾ ਹੈ।