
Grammy Awards 2021 ਵਿਚ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਾ ਕੇ ਪਹੁੰਚੀ ਲਿੱਲੀ ਸਿੰਘ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖ਼ਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲਗਾਤਾਰ ਕੌਮਾਂਤਰੀ ਪੱਧਰ ਦੀਆਂ ਹਸਤੀਆਂ ਦਾ ਸਮਰਥਨ ਮਿਲ ਰਿਹਾ ਹੈ। ਇਸ ਦੇ ਚਲਦਿਆਂ ਕੈਨੇਡੀਅਨ ਯੂਟਿਊਬਰ ਤੇ ਅਦਾਕਾਰਾ ਲਿੱਲੀ ਸਿੰਘ ਨੇ ਵੀ ਕਿਸਾਨਾਂ ਦਾ ਅਨੋਖੇ ਰੂਪ ਵਿਚ ਸਮਰਥਨ ਕੀਤਾ ਹੈ। ਲਿੱਲੀ ਸਿੰਘ ਦੇ ਇਸ ਰੂਪ ਨੇ ਹਰ ਕਿਸੇ ਦਾ ਧਿਆਨ ਅਪਣੇ ਵੱਲ ਖਿੱਚਿਆ ਹੈ।
Lilly Singh
ਦਰਅਸਲ ਲਿੱਲੀ ਸਿੰਘ ਗਰੈਮੀ ਅਵਾਰਡ 2021 ਮੌਕੇ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਾ ਕੇ ਪਹੁੰਚੀ। ਲਿੱਲੀ ਸਿੰਘ ਦੇ ਮਾਸਕ ਉੱਤੇ ਲਿਖਿਆ ਹੋਇਆ ਸੀ I Stand With Farmers। ਲਿੱਲੀ ਸਿੰਘ ਨੇ ਅਪਣੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਸਾਂਝੀਆਂ ਕੀਤੀਆਂ ਹਨ ਤੇ ਮੀਡੀਆ ਨੂੰ ਇਹਨਾਂ ਤਸਵੀਰਾਂ ਦੀ ਵਰਤੋਂ ਕਰਨ ਲਈ ਵੀ ਕਿਹਾ ਹੈ।
Lilly Singh
ਲਿੱਲੀ ਸਿੰਘ ਨੇ ਇੰਸਟਾਗ੍ਰਾਮ ’ਤੇ ਫੋਟੋ ਸ਼ੇਅਰ ਕਰਦਿਆਂ ਲਿਖਿਆ, ‘ਮੈਨੂੰ ਪਤਾ ਹੈ ਕਿ ਰੈੱਡ ਕਾਰਪੇਟ ਦੀਆਂ ਤਸਵੀਰਾਂ ਸਭ ਤੋਂ ਜ਼ਿਆਦਾ ਮੀਡੀਆ ਵਿਚ ਕਵਰੇਜ ਪਾਉਂਦੀਆਂ ਹਨ ਤਾਂ ਇਹ ਲਓ ਮੀਡੀਆ। ਇਹਨਾਂ ਨੂੰ ਵਰਤਣ ਲਈ ਤੁਸੀਂ ਪੂਰੀ ਤਰ੍ਹਾਂ ਆਜ਼ਾਦ ਹੋ’। ਲਿੱਲੀ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
Post
ਲਿੱਲੀ ਦੀਆਂ ਪੋਸਟਾਂ ’ਤੇ ਲਗਾਤਾਰ ਕੌਮਾਂਤਰੀ ਪੱਧਰ ਦੇ ਲੋਕ ਵੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਲਿੱਲੀ ਕਿਸਾਨ ਅੰਦੋਲਨ ਦੀ ਹਮਾਇਤ ਕਰ ਚੁੱਕੀ ਹੈ, ਉਹਨਾਂ ਨੇ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਟਵੀਟ ਨੂੰ ਸ਼ੇਅਰ ਕਰਦਿਆਂ ਕਿਸਾਨੀ ਸੰਘਰਸ਼ ਨੂੰ ‘ਇਤਿਹਾਸ ਦਾ ਸਭ ਤੋਂ ਵੱਡਾ’ ਸੰਘਰਸ਼ ਦੱਸਿਆ ਸੀ।
Farmers Protest
ਦੱਸ ਦਈਏ ਕਿ ਇੰਡੀਅਨ ਕੈਨੇਡੀਅਨ ਯੂਟਿਊਬਰ ਲਿੱਲੀ ਸਿੰਘ ਦੇ ਇੰਸਟਾਗ੍ਰਾਮ ਉੱਤੇ 9 ਮਿਲੀਅਨ ਤੋਂ ਜ਼ਿਆਦਾ ਫੋਲੋਅਰਜ਼ ਹਨ ਜਦਕਿ ਉਹਨਾਂ ਨੂੰ 14 ਮਿਲੀਅਨ ਲੋਕਾਂ ਨੇ ਯੂਟਿਊਬ ਉੱਤੇ ਸਬਸਕ੍ਰਾਇਬ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਲਿੱਲੀ ਸਿੰਘ ਇਕ ਟਿਕ-ਟਾਕ ਵੀਡੀਓ ਜ਼ਰੀਏ ਵੀ ਕਿਸਾਨਾਂ ਦਾ ਸਮਰਥਨ ਕਰਨ ਦੀ ਅਪੀਲ ਕਰ ਚੁੱਕੀ ਹੈ।