
ਪਾਕਿਸਤਾਨ ਵਿਚ ਦੋ ਵੱਖ-ਵੱਖ ਚੋਣ ਰੈਲੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 133 ਹੋ ਗਈ ਹੈ............
ਇਸਲਾਮਾਬਾਦ : ਪਾਕਿਸਤਾਨ ਵਿਚ ਦੋ ਵੱਖ-ਵੱਖ ਚੋਣ ਰੈਲੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 133 ਹੋ ਗਈ ਹੈ। ਹਮਲੇ 'ਚ ਜ਼ਖ਼ਮੀਆਂ ਦੀ ਗਿਣਤੀ 125 ਹੈ। ਅਤਿਵਾਦੀਆਂ ਨੇ ਬਲੋਚਿਸਤਾਨ ਸੂਬੇ ਦੇ ਮਾਸਤੁੰਗ ਖੇਤਰ ਵਿਚ ਬਲੋਚਿਸਤਾਨ ਅਵਾਮੀ ਪਾਰਟੀ (ਬੀਏਪੀ) ਦੇ ਨੇਤਾ ਸਿਰਾਜ ਰਾਇਸਾਨੀ ਦੀ ਰੈਲੀ ਨੂੰ ਨਿਸ਼ਾਨਾ ਬਣਾਇਆ। ਜ਼ਿਲ੍ਹਾ ਪੁਲਿਸ ਅਧਿਕਾਰੀ ਮੁਹੰਮਦ ਅਯੂਬ ਅਚਕਜਈ ਨੇ ਕਿਹਾ ਕਿ ਰਾਇਸਾਨੀ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਕਵੇਟਾ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਦਮ ਤੋੜ ਦਿਤਾ।
ਰਾਇਸੀਨੀ ਬਲੋਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਨਵਾਬ ਅਸਲਮ ਰਾਇਸਾਨੀ ਦੇ ਭਰਾ ਸਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸਲਾਮਕ ਸਟੇਟ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ਵਿਚ 128 ਲੋਕ ਮਾਰੇ ਗਏ ਹਨ। ਅਤਿਵਾਦੀ ਸੰਗਠਨ ਨੇ ਦਾਅਵੇ ਦਾ ਐਲਾਨ ਅਪਣੀ ਅਮਾਕ ਸੰਵਾਦ ਸੰਮਤੀ ਜ਼ਰੀਏ ਕੀਤਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਰਾਇਸਾਨੀ ਸਮੇਤ ਘੱਟ ਤੋਂ ਘੱਟ 128 ਲੋਕ ਮਾਰੇ ਗਏ ਅਤੇ 125 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਨੇ ਮ੍ਰਿਤਕਾਂ ਦੀ ਗਿਣਤੀ ਸੂਬਾਈ ਗ੍ਰਹਿ ਮੰਤਰੀ ਆਗਾ ਉਮਰ ਬਾਂਗਲਜਈ ਦੇ ਹਵਾਲੇ ਨਾਲ ਦਿਤੀ।
ਬਲੋਚਿਸਤਾਨ ਦੇ ਕਾਰਜਵਾਹਕ ਸਿਹਤ ਮੰਤਰੀ ਫ਼ੈਜ਼ ਕਾਕਰ ਨੇ ਦਸਿਆ ਕਿ ਸ਼ੁਰੂਆਤ ਵਿਚ ਮ੍ਰਿਤਕਾਂ ਦੀ ਗਿਣਤੀ ਜ਼ਿਆਦਾ ਨਹੀਂ ਸੀ ਪਰ ਰਾਇਸਾਨੀ ਸਮੇਤ ਗੰਭੀਰ ਰੂਪ ਨਾਲ ਜ਼ਖ਼ਮੀ ਲੋਕਾਂ ਦੀ ਹਸਪਤਾਲ ਵਿਚ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧਣ ਦਾ ਸ਼ੱਕ ਹੈ ਕਿਉਂਕਿ ਵਿਸਫ਼ੋਟ ਵਿਚ 120 ਹੋਰ ਜ਼ਖ਼ਮੀ ਹੋ ਗਏ ਹਨ। ਬੰਬ ਨਿਰੋਧਕ ਦਸਤੇ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤ ਹੈ ਕਿ Îਇਹ ਇਕ ਆਤਮਘਾਤੀ ਹਮਲਾ ਸੀ। ਉਨ੍ਹਾਂ ਦਸਿਆ ਕਿ ਹਮਲੇ ਵਿਚ ਲਗਭਗ 16-20 ਕਿਲੋਗ੍ਰਾਮ ਵਿਸਫ਼ੋਟਕ ਦੀ ਵਰਤੋਂ ਕੀਤੀ ਗਈ।
ਇਸ ਘਟਨਾ ਤੋਂ ਬਾਅਦ ਕਵੇਟਾ ਦੇ ਹਸਪਤਾਲਾਂ ਵਿਚ ਐਮਰਜੈਂਸੀ ਸਥਿਤੀ ਐਲਾਨ ਕਰ ਦਿਤੀ ਗਈ। ਇਸ ਘਟਨਾ ਤੋਂ ਕੁੱਝ ਹੀ ਘੰਟਾ ਪਹਿਲਾਂ ਖੈਬਰ ਪਖ਼ਤੂਨਖਵਾ ਦੇ ਬੰਨੂ ਇਲਾਕੇ ਵਿਚ ਮੁੱਤਾਹਿਦਾ ਮਜਲਿਸ ਅਮਾਲ ਨੇਤਾ ਅਕਰਮ ਖ਼ਾਨ ਦੁਰਾਨੀ ਦੀ ਰੈਲੀ ਵਿਚ ਵਿਸਫ਼ੋਟ ਹੋਇਆ। ਪੁਲਿਸ ਅਨੁਸਾਰ ਇਸ ਘਟਨਾ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 37 ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਵਿਚ ਦੁਰਾਨੀ ਵਾਲ-ਵਾਲ ਬਚ ਗਏ ਪਰ ਉਨ੍ਹਾਂ ਦਾ ਵਾਹਨ ਨੁਕਸਾਨਿਆ ਗਿਆ। ਦੁਰਾਨੀ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਦੇ ਵਿਰੁਧ ਮੈਦਾਨ ਵਿਚ ਹਨ। ਉਨ੍ਹਾਂ ਕਿਹਾ ਕਿ ਧਮਕੀਆਂ ਤੋਂ ਬਾਅਦ ਵੀ ਉਹ ਚੋਣ ਪ੍ਰਚਾਰ ਜਾਰੀ ਰੱਖਣਗੇ। (ਏਜੰਸੀਆਂ)