
ਸਾਧਨ ਤੇ ਸਮਰੱਥਾ 'ਚ ਵਾਧਾ ਹੋਇਆ?
ਨਵੀਂ ਦਿੱਲੀ - ਮਨੁੱਖਤਾ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਵਿੱਚ, ਪਿਛਲੇ 12 ਸਾਲਾਂ ਵਿੱਚ ਇੱਕ ਅਰਬ ਲੋਕਾਂ ਦੇ ਜੁੜਨ ਤੋਂ ਬਾਅਦ, ਮੰਗਲਵਾਰ ਨੂੰ ਸੰਸਾਰ ਦੀ ਅਬਾਦੀ ਅੱਠ ਅਰਬ ਤੱਕ ਪਹੁੰਚ ਗਈ। ਨਾਲ ਹੀ, ਭਾਰਤ ਅਗਲੇ ਸਾਲ ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਦੇਸ਼ ਵਜੋਂ ਚੀਨ ਨੂੰ ਪਛਾੜਨ ਦੀ ਕਗਾਰ 'ਤੇ ਹੈ।
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਵਿਸ਼ਵਵਿਆਪੀ ਅੰਕੜਾ ਜਨਤਕ ਸਿਹਤ ਵਿੱਚ ਵੱਡੇ ਸੁਧਾਰਾਂ ਨੂੰ ਦਰਸਾਉਂਦਾ ਹੈ, ਜਿਸ ਤਹਿਤ ਮੌਤ ਦਾ ਜੋਖਮ ਘਟਿਆ ਅਤੇ ਜੀਵਨ ਦੀ ਸੰਭਾਵਨਾ ਵਧੀ ਹੈ। ਸੰਯੁਕਤ ਰਾਸ਼ਟਰ ਨੇ ਇਹ ਵੀ ਕਿਹਾ ਕਿ ਇਹ ਪਲ ਮਨੁੱਖਤਾ ਲਈ ਅੰਕੜਿਆਂ ਤੋਂ ਪਰੇ ਵੇਖਣ ਅਤੇ ਲੋਕਾਂ ਤੇ ਧਰਤੀ ਦੀ ਰੱਖਿਆ ਲਈ ਆਪਣੀ ਸਾਂਝੀ ਜ਼ਿੰਮੇਵਾਰੀ ਨਿਭਾਉਣ ਦਾ ਇੱਕ ਸਪੱਸ਼ਟ ਸੱਦਾ ਹੈ, ਅਤੇ ਸ਼ੁਰੂਆਤ ਸਭ ਤੋਂ ਕਮਜ਼ੋਰ ਲੋਕਾਂ ਤੋਂ ਕਰਨੀ ਚਾਹੀਦੀ ਹੈ।
ਸੰਯੁਕਤ ਰਾਸ਼ਟਰ ਅਬਾਦੀ ਫੰਡ (UNFPA) ਨੇ ਟਵੀਟ ਕੀਤਾ, ''ਅੱਠ ਅਰਬ ਉਮੀਦਾਂ, ਅੱਠ ਅਰਬ ਸੁਪਨੇ, ਅੱਠ ਅਰਬ ਸੰਭਾਵਨਾਵਾਂ। ਸਾਡਾ ਗ੍ਰਹਿ ਹੁਣ ਅੱਠ ਅਰਬ ਲੋਕਾਂ ਦਾ ਘਰ ਹੈ।" ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਜੇਕਰ ਦੁਨੀਆ 'ਚ ਅਮੀਰ ਅਤੇ ਗ਼ਰੀਬ ਵਿਚਕਾਰਲਾ ਪਾੜਾ ਬੰਦ ਨਾ ਹੋਇਆ, ਤਾਂ ਅੱਠ ਅਰਬ ਦੀ ਇਹ ਆਬਾਦੀ 'ਤਣਾਅ, ਅਵਿਸ਼ਵਾਸ, ਸੰਕਟ ਤੇ ਸੰਘਰਸ਼' ਨਾਲ ਭਰ ਜਾਵੇਗੀ।
2023 ਵਿੱਚ ਭਾਰਤ ਦੇ ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਦੇਸ਼ ਵਜੋਂ ਚੀਨ ਨੂੰ ਪਿੱਛੇ ਛੱਡਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜਨਸੰਖਿਆ ਸੰਭਾਵਨਾਵਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਵਿੱਚ ਭਾਰਤ ਦੀ ਅਬਾਦੀ, ਚੀਨ ਦੀ 1.426 ਬਿਲੀਅਨ ਦੇ ਮੁਕਾਬਲੇ 1.412 ਬਿਲੀਅਨ ਹੈ। ਭਾਰਤ ਦੀ ਅਬਾਦੀ 2050 ਵਿੱਚ 1.668 ਬਿਲੀਅਨ ਹੋਣ ਦਾ ਅਨੁਮਾਨ ਹੈ, ਜੋ ਕਿ ਸਦੀ ਦੇ ਮੱਧ ਤੱਕ ਚੀਨ ਦੀ 1.317 ਬਿਲੀਅਨ ਦੀ ਅਬਾਦੀ ਤੋਂ ਬਹੁਤ ਜ਼ਿਆਦਾ ਹੈ।
ਜਨਸੰਖਿਆ ਘੜੀ ਨੇ 15 ਨਵੰਬਰ ਨੂੰ 8,000,000,000 ਦਾ ਅੰਕੜਾ ਦਿਖਾਇਆ। ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਇੱਕ ਅਰਬ ਲੋਕ ਸਿਰਫ਼ ਪਿਛਲੇ 12 ਸਾਲਾਂ 'ਚ ਸ਼ਾਮਲ ਹੋਏ ਹਨ।ਸੰਯੁਕਤ ਰਾਸ਼ਟਰ ਨੇ ਅੱਠ ਅਰਬ ਤੱਕ ਪਹੁੰਚਣ ਵਾਲੀ ਅਬਾਦੀ ਨੂੰ ਇੱਕ 'ਅਨੋਖਾ ਮੀਲ ਪੱਥਰ' ਕਿਹਾ ਹੈ। ਲਗਭਗ 1800 ਤੱਕ ਮਨੁੱਖੀ ਅਬਾਦੀ ਇੱਕ ਅਰਬ ਤੋਂ ਘੱਟ ਸੀ, ਅਤੇ ਇੱਕ ਤੋਂ ਦੋ ਅਰਬ ਤੱਕ ਵਧਣ ਵਿੱਚ ਇਸ ਨੂੰ 100 ਸਾਲ ਤੋਂ ਵੱਧ ਦਾ ਸਮਾਂ ਲੱਗਾ।